ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਮਾਵਾਂ ਨੂੰ ਕੀਤਾ ਜਾਗਰੂਕ

3
ਸ੍ਰੀ ਅਨੰਦਪੁਰ ਸਾਹਿਬ 07 ਅਗਸਤ 2026 AJ DI Awaaj
Punjab Desk    : ਸਿਹਤ ਵਿਭਾਗ ਪੰਜਾਬ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਮਾਵਾਂ ਅਤੇ ਪਰਿਵਾਰਾਂ ਨੂੰ ਜਾਗਰੂਕ ਕੀਤਾ ਗਿਆ। ਇਹ ਮੁਹਿੰਮ ਸਿਵਲ ਸਰਜਨ ਰੂਪਨਗਰ ਡਾ. ਬੌਬੀ ਗੁਲਾਟੀ ਅਤੇ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾ.ਹਰਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੌਕੇ ਡਾ.ਸੁਨੈਨਾ ਗੁਪਤਾ, ਮਾਹਿਰ ਔਰਤ ਰੋਗ, ਵੱਲੋਂ ਮਾਵਾਂ ਨੂੰ ਮਾਂ ਦੇ ਦੁੱਧ ਦੇ ਫਾਇਦਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਡਾ. ਸੁਨੈਨਾ ਗੁਪਤਾ ਨੇ ਦੱਸਿਆ ਕਿ ਹਰ ਨਵਜੰਮੇ ਬੱਚੇ ਨੂੰ ਜਨਮ ਤੋਂ ਪਹਿਲੇ ਇੱਕ ਘੰਟੇ ਦੇ ਅੰਦਰ ਮਾਂ ਦਾ ਦੁੱਧ ਪਿਲਾਉਣਾ ਸ਼ੁਰੂ ਕਰਨਾ ਚਾਹੀਦਾ ਹੈ। ਮਾਂ ਦਾ ਪਹਿਲਾ ਪੀਲਾ ਗਾੜ੍ਹਾ ਦੁੱਧ (ਕੋਲੋਸਟ੍ਰਮ) ਬੱਚੇ ਲਈ ਕੁਦਰਤੀ ਟੀਕੇ ਵਾਂਗ ਕੰਮ ਕਰਦਾ ਹੈ ਅਤੇ ਉਸ ਦੀ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਛੇ ਮਹੀਨਿਆਂ ਤੱਕ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਛੇ ਮਹੀਨੇ ਬਾਅਦ ਬੱਚੇ ਨੂੰ ਉਚਿਤ ਪੂਰਕ ਆਹਾਰ ਦੇ ਨਾਲ ਦੋ ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਮਾਂ ਦਾ ਦੁੱਧ ਜਾਰੀ ਰੱਖਣਾ ਚਾਹੀਦਾ ਹੈ। ਮਾਂ ਦਾ ਦੁੱਧ ਬੱਚੇ ਨੂੰ ਲੋੜੀਂਦਾ ਪੋਸ਼ਣ ਪ੍ਰਦਾਨ ਕਰਨ ਦੇ ਨਾਲ ਦਸਤ, ਨਿਮੋਨੀਆ ਅਤੇ ਹੋਰ ਇਨਫੈਕਸ਼ਨਾਂ ਤੋਂ ਬਚਾਅ ਵਿੱਚ ਸਹਾਇਕ ਹੁੰਦਾ ਹੈ ਅਤੇ ਬੱਚੇ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਇਸ ਦੌਰਾਨ ਡਾ.ਅਪਰਾਜਿਤਾ ਧਰਮਾਣੀ, ਸੀਮਾ ਦੇਵੀ ਐਲ.ਐਚ.ਵੀ., ਕੁਲਵਿੰਦਰ ਕੌਰ ਏ.ਐਨ.ਐਮ. ਅਤੇ ਸਮੂਹ ਆਸ਼ਾ ਵਰਕਰ ਹਾਜ਼ਰ ਸਨ।