ਆਜ਼ਾਦੀ ਦਿਵਸ ਮੌਕੇ ਸੁਰੱਖਿਆ ਪ੍ਰਬੰਧਾਂ ਦਾ ਡੀ.ਆਈ.ਜੀ. ਕਮਾਂਡੋ ਵੱਲੋਂ ਜਾਇਜ਼ਾ

3

ਮਾਲੇਰਕੋਟਲਾ, 05 ਅਗਸਤ 2026 AJ DI Awaaj

Punjab Desk :   ਆਗਾਮੀ ਆਜ਼ਾਦੀ ਦਿਵਸ ਦੇ ਸਮਾਗਮ ਨੂੰ ਸ਼ਾਂਤੀਪੂਰਨ ਅਤੇ ਸੁਰੱਖਿਅਤ ਢੰਗ ਨਾਲ ਸੰਪੰਨ ਕਰਵਾਉਣ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਡੀ.ਆਈ.ਜੀ. ਕਮਾਂਡੋ, ਪੰਜਾਬ ਗੁਰਪ੍ਰੀਤ ਸਿੰਘ ਦੇ ਮਾਲੇਰਕੋਟਲਾ ਪਹੁੰਚਣ ‘ਤੇ ਸੀਨੀਅਰ ਪੁਲਿਸ ਕਪਤਾਨ ਮਾਲੇਰਕੋਟਲਾ ਗੁਰਮੀਤ ਸਿੰਘ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੁਲਿਸ ਟੁਕੜੀ ਨੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਪੇਸ਼ ਕੀਤਾ।

                    ਇਸ ਉਪਰੰਤ ਡੀ.ਆਈ.ਜੀ. ਕਮਾਂਡੋ ਨੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਕਾਨੂੰਨ-ਵਿਵਸਥਾ ਅਤੇ ਸੁਰੱਖਿਆ ਪ੍ਰਬੰਧਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਗਮਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ ਅਤੇ ਹਰ ਪੱਖ ਤੋਂ ਪੂਰੀ ਚੌਕਸੀ ਯਕੀਨੀ ਬਣਾਈ ਜਾਵੇ।

                    ਮੀਟਿੰਗ ਤੋਂ ਬਾਅਦ ਡੀ.ਆਈ.ਜੀ. ਕਮਾਂਡੋ ਨੇ ਜ਼ਾਕਿਰ ਹੁਸੈਨ ਸਟੇਡੀਅਮ, ਮਾਲੇਰਕੋਟਲਾ ਦਾ ਦੌਰਾ ਕਰਕੇ ਆਜ਼ਾਦੀ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਲਈ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਮਾਗਮ ਸਥਾਨ ਦੇ ਵੱਖ-ਵੱਖ ਪੁਆਇੰਟਾਂ ਦਾ ਨਿਰੀਖਣ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ।

                   ਇਸ ਤੋਂ ਇਲਾਵਾ ਉਨ੍ਹਾਂ ਨੇ ਮਾਲੇਰਕੋਟਲਾ ਰੇਲਵੇ ਸਟੇਸ਼ਨ ਦਾ ਵੀ ਨਿਰੀਖਣ ਕੀਤਾ ਅਤੇ ਉੱਥੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ। ਡੀ.ਆਈ.ਜੀ. ਕਮਾਂਡੋ ਨੇ ਸਮੂਹ ਪੁਲਿਸ ਫੋਰਸ ਨੂੰ 15 ਅਗਸਤ ਤੱਕ ਪੂਰੀ ਤਰ੍ਹਾਂ ਮੁਸਤੈਦ ਰਹਿਣ, ਸੰਵੇਦਨਸ਼ੀਲ ਥਾਵਾਂ ‘ਤੇ ਵਿਸ਼ੇਸ਼ ਨਿਗਰਾਨੀ ਰੱਖਣ ਅਤੇ ਹਰ ਸਮੇਂ ਡਿਊਟੀ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ।

                    ਸੀਨੀਅਰ ਪੁਲਿਸ ਕਪਤਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਥਾਵਾਂ ‘ਤੇ ਲਗਾਤਾਰ ਛਾਪੇਮਾਰੀ, ਸ਼ਾਮ ਅਤੇ ਰਾਤ ਸਮੇਂ ਸਖ਼ਤ ਨਾਕਾਬੰਦੀ, ਵਾਹਨਾਂ ਦੀ ਚੈਕਿੰਗ ਅਤੇ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਪੁਲਿਸ ਹਰ ਪੱਖੋਂ ਪੂਰੀ ਤਰ੍ਹਾਂ ਚੌਕਸ ਹੈ ਅਤੇ ਆਜ਼ਾਦੀ ਦਿਵਸ ਦੇ ਸਮਾਗਮਾਂ ਨੂੰ ਅਮਨ-ਅਮਾਨ ਅਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ।

                    ਮਾਲੇਰਕੋਟਲਾ ਪੁਲਿਸ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਜਾਂ ਸ਼ੱਕੀ ਵਿਅਕਤੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੰਜਾਬ ਪੁਲਿਸ ਹੈਲਪਲਾਈਨ ਨੰਬਰ 112 ‘ਤੇ ਸੂਚਨਾ ਦੇ ਕੇ ਪੁਲਿਸ ਦਾ ਸਹਿਯੋਗ ਕਰਨ।

                    ਇਸ ਮੌਕੇ ਐਸ.ਪੀ (ਐਚ) ਗੁਰਸ਼ਰਨਜੀਤ ਸਿੰਘ, ਐਸ.ਪੀ (ਪੀ.ਬੀ.ਆਈ) ਰਾਜਵਿੰਦਰ ਸਿੰਘ, ਡੀ.ਐਸ.ਪੀ (ਐਚ) ਸੁਮਿਤ ਸੂਦ, ਡੀ.ਐਸ.ਪੀ (ਸਪੈਸ਼ਲ ਬਰਾਂਚ) ਸਤੀਸ਼ ਕੁਮਾਰ, ਡੀ.ਐਸ.ਪੀ (ਐਨ.ਡੀ.ਪੀ.ਐਸ) ਯਾਦਵਿੰਦਰ ਸਿੰਘ, ਡੀ.ਐਸ.ਪੀ (ਮਾਲੇਰਕੋਟਲਾ) ਮਾਨਵਜੀਤ ਸਿੰਘ ਹਾਜ਼ਰ ਸਨ।