E20 ਪੈਟਰੋਲ ‘ਤੇ ਗਡਕਰੀ ਦਾ ਵੱਡਾ ਖੁਲਾਸਾ

30

ਨਵੀਂ ਦਿੱਲੀ: 30 July 2026 AJ DI Awaaj

National Desk :   ਕੇਂਦਰ ਸਰਕਾਰ ਨੇ ਪਹਿਲੀ ਵਾਰ ਮੰਨਿਆ ਹੈ ਕਿ E20 ਪੈਟਰੋਲ ਦੀ ਵਰਤੋਂ ਨਾਲ ਕੁਝ ਪੁਰਾਣੀਆਂ BS-3 ਗੱਡੀਆਂ ਵਿੱਚ ਸੀਮਿਤ ਤਕਨੀਕੀ ਤਬਦੀਲੀਆਂ ਦੀ ਲੋੜ ਪੈ ਸਕਦੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਰਾਜ ਸਭਾ ਵਿੱਚ ਲਿਖਤੀ ਜਵਾਬ ਦਿੰਦਿਆਂ ਦੱਸਿਆ ਕਿ 2005 ਤੋਂ 2016 ਦਰਮਿਆਨ ਬਣੀਆਂ ਕੁਝ BS-3 ਗੱਡੀਆਂ ਵਿੱਚ E20 ਪੈਟਰੋਲ ਦੀ ਵਰਤੋਂ ਕਾਰਨ ਰਬੜ ਦੇ ਕੁਝ ਪੁਰਜ਼ੇ ਅਤੇ ਗੈਸਕੇਟ ਬਦਲਣੇ ਪੈ ਸਕਦੇ ਹਨ।

ਉਨ੍ਹਾਂ ਕਿਹਾ ਕਿ ਇਹ ਪੁਰਜ਼ੇ ਆਮ ਸਰਵਿਸਿੰਗ ਦੌਰਾਨ ਆਸਾਨੀ ਨਾਲ ਬਦਲੇ ਜਾ ਸਕਦੇ ਹਨ ਅਤੇ ਇਸ ਲਈ ਇੰਜਣ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਕਰਨ ਦੀ ਲੋੜ ਨਹੀਂ ਹੈ। ਗਡਕਰੀ ਨੇ ਸਪੱਸ਼ਟ ਕੀਤਾ ਕਿ E20 ਪੈਟਰੋਲ ਨਾਲ ਵਾਹਨਾਂ ਦੀ ਕੁੱਲ ਕਾਰਗੁਜ਼ਾਰੀ ਜਾਂ ਟਿਕਾਊਪਣ ‘ਤੇ ਕੋਈ ਵੱਡਾ ਨਕਾਰਾਤਮਕ ਪ੍ਰਭਾਵ ਸਾਹਮਣੇ ਨਹੀਂ ਆਇਆ।

ਉਨ੍ਹਾਂ ਦੱਸਿਆ ਕਿ E20 ਈਂਧਣ ਨੂੰ ਲੈ ਕੇ ਇੰਡੀਅਨ ਆਇਲ, ਇੰਡੀਅਨ ਇੰਸਟੀਚਿਊਟ ਆਫ ਪੈਟਰੋਲੀਅਮ, ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (SIAM) ਅਤੇ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ ਇੰਡੀਆ (ARAI) ਵੱਲੋਂ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ‘ਤੇ ਅਧਿਐਨ ਕੀਤਾ ਗਿਆ ਹੈ।

ਗਡਕਰੀ ਨੇ ਇਹ ਵੀ ਕਿਹਾ ਕਿ ਕਿਸੇ ਵੀ ਵਾਹਨ ਦੀ ਮਾਈਲੇਜ ਸਿਰਫ਼ ਈਂਧਣ ਦੀ ਕਿਸਮ ‘ਤੇ ਨਹੀਂ, ਸਗੋਂ ਉਸ ਦੀ ਦੇਖਭਾਲ, ਸਰਵਿਸਿੰਗ ਅਤੇ ਹੋਰ ਕਈ ਕਾਰਕਾਂ ‘ਤੇ ਵੀ ਨਿਰਭਰ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਈਥੇਨੋਲ ਮਿਲਿਆ ਈਂਧਣ ਦੁਨੀਆ ਦੇ ਕਈ ਦੇਸ਼ਾਂ ਵਿੱਚ ਇੱਕ ਸਦੀ ਤੋਂ ਵੀ ਵੱਧ ਸਮੇਂ ਤੋਂ ਵਰਤਿਆ ਜਾ ਰਿਹਾ ਹੈ।