ਤਲਵਾੜਾ, 28 ਜੁਲਾਈ 2026 Aj Di Awaaj
Punjab Desk: ਬੀਬੀਐਮਬੀ ਤਲਵਾੜਾ ਦੇ ਮੁੱਖ ਇੰਜਨੀਅਰ ਰਾਕੇਸ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਬੀਬੀਐਮਬੀ ਹਸਪਤਾਲ ਵੱਲੋਂ ਹੈਪੇਟਾਈਟਸ ਦੀ ਬਿਮਾਰੀ ਸਬੰਧੀ ਸਿਹਤ ਸਲਾਹ ਜਾਰੀ ਕੀਤੀ ਗਈ ਹੈ। ਹੈਪੇਟਾਈਟਸ ਇੱਕ ਗੰਭੀਰ ਬਿਮਾਰੀ ਹੈ ਜੋ ਮੁੱਖ ਤੌਰ ‘ਤੇ ਜਿਗਰ ਨੂੰ ਪ੍ਰਭਾਵਿਤ ਕਰਦੀ ਹੈ। ਇਸ ਬਿਮਾਰੀ ਤੋਂ ਬਚਾਅ ਲਈ ਸਹੀ ਜਾਣਕਾਰੀ, ਸਮੇਂ ਸਿਰ ਜਾਂਚ ਅਤੇ ਸਾਵਧਾਨੀਆਂ ਅਪਣਾਉਣਾ ਬਹੁਤ ਜ਼ਰੂਰੀ ਹੈ। ਇਹ ਜਾਣਕਾਰੀ ਭਾਖੜਾ ਬਿਆਸ ਪ੍ਰਬੰਧ ਬੋਰਡ (ਬੀਬੀਐਮਬੀ) ਹਸਪਤਾਲ, ਤਲਵਾੜਾ ਦੇ ਮੈਡੀਕਲ ਅਫ਼ਸਰ ਡਾ. ਸੁਖਦੇਵ ਸਿੰਘ ਸੰਧੂ ਨੇ ਵਿਸ਼ਵ ਹੈਪੇਟਾਈਟਸ ਦਿਵਸ ਦੇ ਮੌਕੇ ‘ਤੇ ਜਾਰੀ ਇੱਕ ਸਿਹਤ ਸੰਦੇਸ਼ ਵਿੱਚ ਦਿੱਤੀ।
ਡਾ. ਸੰਧੂ ਨੇ ਦੱਸਿਆ ਕਿ ਹੈਪੇਟਾਈਟਸ ਇੱਕ ਵਾਇਰਲ ਸੰਕਰਮਣ ਹੈ, ਜਿਸ ਦੀਆਂ ਮੁੱਖ ਕਿਸਮਾਂ ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ ਹਨ। ਇਨ੍ਹਾਂ ਵਿੱਚੋਂ ਹੈਪੇਟਾਈਟਸ ਬੀ ਅਤੇ ਸੀ ਲੰਬੇ ਸਮੇਂ ਤੱਕ ਜਿਗਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਗੰਭੀਰ ਸਥਿਤੀ ਵਿੱਚ ਲਿਵਰ ਸਿਰੋਸਿਸ ਜਾਂ ਲਿਵਰ ਕੈਂਸਰ ਦਾ ਕਾਰਨ ਵੀ ਬਣ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੇ ਆਮ ਲੱਛਣਾਂ ਵਿੱਚ ਲਗਾਤਾਰ ਥਕਾਵਟ, ਭੁੱਖ ਨਾ ਲੱਗਣਾ, ਮਤਲੀ ਜਾਂ ਉਲਟੀਆਂ, ਬੁਖਾਰ, ਪੇਟ ਦੇ ਸੱਜੇ ਪਾਸੇ ਦਰਦ, ਪਿਸ਼ਾਬ ਦਾ ਗੂੜ੍ਹਾ ਪੀਲਾ ਹੋਣਾ, ਅੱਖਾਂ ਅਤੇ ਚਮੜੀ ਦਾ ਪੀਲਾ ਪੈ ਜਾਣਾ (ਪੀਲੀਆ) ਅਤੇ ਸਰੀਰ ਵਿੱਚ ਕਮਜ਼ੋਰੀ ਸ਼ਾਮਲ ਹਨ। ਜੇਕਰ ਅਜਿਹੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਡਾ. ਸੰਧੂ ਨੇ ਕਿਹਾ ਕਿ ਹੈਪੇਟਾਈਟਸ ਏ ਅਤੇ ਈ ਆਮ ਤੌਰ ‘ਤੇ ਦੂਸ਼ਿਤ ਭੋਜਨ ਅਤੇ ਗੰਦੇ ਪਾਣੀ ਰਾਹੀਂ ਫੈਲਦੇ ਹਨ, ਜਦਕਿ ਹੈਪੇਟਾਈਟਸ ਬੀ ਅਤੇ ਸੀ ਸੰਕਰਮਿਤ ਖੂਨ, ਅਸੁਰੱਖਿਅਤ ਸੂਈਆਂ, ਬਿਨਾਂ ਜਾਂਚ ਕੀਤੇ ਖੂਨ ਦੀ ਚੜ੍ਹਾਈ, ਅਸੁਰੱਖਿਅਤ ਜਿਨਸੀ ਸੰਬੰਧਾਂ ਅਤੇ ਸੰਕਰਮਿਤ ਮਾਂ ਤੋਂ ਨਵਜੰਮੇ ਬੱਚੇ ਤੱਕ ਫੈਲ ਸਕਦੇ ਹਨ।
ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਹਮੇਸ਼ਾ ਸਾਫ਼ ਅਤੇ ਉਬਾਲਿਆ ਜਾਂ ਸ਼ੁੱਧ ਪਾਣੀ ਪੀਣ, ਸਾਫ਼-ਸੁਥਰਾ ਅਤੇ ਤਾਜ਼ਾ ਭੋਜਨ ਹੀ ਖਾਣ, ਟੀਕਾਕਰਨ ਕਰਵਾਉਣ, ਇੱਕੋ ਸੂਈ ਜਾਂ ਸਿਰਿੰਜ ਦੀ ਦੁਬਾਰਾ ਵਰਤੋਂ ਨਾ ਕਰਨ, ਖੂਨ ਚੜ੍ਹਾਉਣ ਤੋਂ ਪਹਿਲਾਂ ਉਸਦੀ ਜਾਂਚ ਯਕੀਨੀ ਬਣਾਉਣ ਅਤੇ ਨਿੱਜੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ।
ਡਾ. ਸੰਧੂ ਨੇ ਦੱਸਿਆ ਕਿ ਹੈਪੇਟਾਈਟਸ ਦਾ ਇਲਾਜ ਇਸਦੀ ਕਿਸਮ ‘ਤੇ ਨਿਰਭਰ ਕਰਦਾ ਹੈ। ਕੁਝ ਮਾਮਲਿਆਂ ਵਿੱਚ ਆਰਾਮ, ਪੌਸ਼ਟਿਕ ਖੁਰਾਕ ਅਤੇ ਡਾਕਟਰ ਵੱਲੋਂ ਦਿੱਤੀਆਂ ਦਵਾਈਆਂ ਨਾਲ ਮਰੀਜ਼ ਠੀਕ ਹੋ ਜਾਂਦਾ ਹੈ, ਜਦਕਿ ਹੈਪੇਟਾਈਟਸ ਬੀ ਅਤੇ ਸੀ ਦੇ ਮਰੀਜ਼ਾਂ ਲਈ ਵਿਸ਼ੇਸ਼ ਐਂਟੀਵਾਇਰਲ ਦਵਾਈਆਂ ਅਤੇ ਨਿਯਮਿਤ ਡਾਕਟਰੀ ਨਿਗਰਾਨੀ ਦੀ ਲੋੜ ਹੁੰਦੀ ਹੈ।ਹੈਪੇਟਾਈਟਸ ਬੀ ਅਤੇ ਸੀ ਦੇ ਟੈਸਟ ਤੇ ਇਲਾਜ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਇੰਨ੍ਹਾਂ ਰੋਗਾਂ ਦਾ ਇਲਾਜ ਸੰਭਵ ਹੈ।
ਅੰਤ ਵਿੱਚ ਉਨ੍ਹਾਂ ਅਪੀਲ ਕੀਤੀ ਕਿ ਹੈਪੇਟਾਈਟਸ ਤੋਂ ਬਚਾਅ ਲਈ ਜਾਗਰੂਕਤਾ, ਸਮੇਂ ਸਿਰ ਟੀਕਾਕਰਨ, ਸਿਹਤਮੰਦ ਜੀਵਨ-ਸ਼ੈਲੀ ਅਤੇ ਡਾਕਟਰੀ ਸਲਾਹ ਦੀ ਪਾਲਣਾ ਹੀ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਹਨ। ਬਿਮਾਰੀ ਦੇ ਲੱਛਣਾਂ ਨੂੰ ਅਣਡਿੱਠਾ ਨਾ ਕੀਤਾ ਜਾਵੇ ਅਤੇ ਸਮੇਂ ਸਿਰ ਜਾਂਚ ਕਰਵਾ ਕੇ ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਰੱਖਿਆ ਕੀਤੀ ਜਾਵੇ।



















