ਕਿਨਸ਼ਾਸਾ: 13 July 2026 AJ DI Awaaj
International Desk : ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ (DRC) ਵਿੱਚ ਇਬੋਲਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ। ਸਿਹਤ ਅਧਿਕਾਰੀਆਂ ਵੱਲੋਂ ਜਾਰੀ ਤਾਜ਼ਾ ਸਥਿਤੀ ਰਿਪੋਰਟ ਮੁਤਾਬਕ ਦੇਸ਼ ਦੇ ਪੰਜ ਸੂਬਿਆਂ ਵਿੱਚ ਹੁਣ ਤੱਕ 1,873 ਸੰਕ੍ਰਮਣ ਦੇ ਮਾਮਲੇ ਸਾਹਮਣੇ ਆਏ ਹਨ, ਜਦਕਿ 672 ਲੋਕਾਂ ਦੀ ਮੌ*ਤ ਹੋ ਚੁੱਕੀ ਹੈ।
ਰਿਪੋਰਟ ਅਨੁਸਾਰ ਇਟੂਰੀ, ਨੌਰਥ ਕਿਵੂ, ਸਾਊਥ ਕਿਵੂ, ਹਾਉਤ-ਉਏਲੇ ਅਤੇ ਸ਼ੋਪੋ ਸੂਬੇ ਸਭ ਤੋਂ ਵੱਧ ਪ੍ਰਭਾਵਿਤ ਹਨ। ਹਾਉਤ-ਉਏਲੇ ਅਤੇ ਸ਼ੋਪੋ ਨੂੰ ਪਹਿਲੀ ਵਾਰ ਰਾਸ਼ਟਰੀ ਰਿਪੋਰਟ ਵਿੱਚ ਸ਼ਾਮਲ ਕੀਤਾ ਗਿਆ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਸੰਕ੍ਰਮਣ ਇਟੂਰੀ ਸੂਬੇ ਤੋਂ ਲੋਕਾਂ ਦੀ ਆਵਾਜਾਈ ਅਤੇ ਆਪਸੀ ਸੰਪਰਕ ਕਾਰਨ ਫੈਲਿਆ ਹੈ।
ਮੌਜੂਦਾ ਸਮੇਂ 763 ਮਰੀਜ਼ ਹਸਪਤਾਲਾਂ ਅਤੇ ਆਈਸੋਲੇਸ਼ਨ ਕੇਂਦਰਾਂ ਵਿੱਚ ਇਲਾਜ ਅਧੀਨ ਹਨ। ਇਲਾਜ ਕੇਂਦਰਾਂ ਵਿੱਚ ਉਪਲਬਧ 95 ਫ਼ੀਸਦੀ ਤੋਂ ਵੱਧ ਬੈੱਡ ਭਰ ਚੁੱਕੇ ਹਨ, ਜਿਸ ਕਾਰਨ ਸਿਹਤ ਪ੍ਰਣਾਲੀ ‘ਤੇ ਦਬਾਅ ਲਗਾਤਾਰ ਵਧ ਰਿਹਾ ਹੈ। ਹੁਣ ਤੱਕ 306 ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕੇ ਹਨ, ਜਦਕਿ 299 ਸ਼ੱਕੀ ਮਾਮਲਿਆਂ ਵਿੱਚੋਂ 91 ਲੋਕਾਂ ਦੀ ਮੌ*ਤ ਹੋਈ ਹੈ। ਡੀਆਰਸੀ ਸਰਕਾਰ ਨੇ 15 ਮਈ ਨੂੰ ਇਸ ਪ੍ਰਕੋਪ ਨੂੰ ਅਧਿਕਾਰਤ ਤੌਰ ‘ਤੇ ਮਹਾਂਮਾਰੀ ਐਲਾਨ ਦਿੱਤਾ ਸੀ।
ਇਸ ਦੌਰਾਨ ਅਫਰੀਕਾ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (Africa CDC) ਨੇ ਦੱਸਿਆ ਹੈ ਕਿ ਇਬੋਲਾ ਕੰਟਰੋਲ ਮੁਹਿੰਮ ਨਾਲ ਜੁੜੇ ਇੱਕ ਅਮਰੀਕੀ ਮਾਨਵਤਾਵਾਦੀ ਸਹਾਇਤਾ ਕਰਮੀ ਦੇ ਵੀ ਸੰਕ੍ਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ ਸਿਹਤ ਕਰਮਚਾਰੀਆਂ ਅਤੇ ਰਾਹਤ ਟੀਮਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਰ ਵਧ ਗਈ ਹੈ। ਸੰਸਥਾ ਮੁਤਾਬਕ ਸੰਕ੍ਰਮਿਤ ਕਰਮੀ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਛਾਣ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਅਫਰੀਕਾ CDC ਦੇ ਅੰਕੜਿਆਂ ਅਨੁਸਾਰ ਹੁਣ ਤੱਕ 112 ਸਿਹਤ ਕਰਮੀ ਇਬੋਲਾ ਨਾਲ ਸੰਕ੍ਰਮਿਤ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 35 ਦੀ ਮੌ*ਤ ਹੋ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਬੋਲਾ ਇੱਕ ਗੰਭੀਰ ਵਾਇਰਲ ਬਿਮਾਰੀ ਹੈ, ਜਿਸ ਦੀ ਪਹਿਲੀ ਵਾਰ ਪਛਾਣ 1976 ਵਿੱਚ ਅਫਰੀਕਾ ਵਿੱਚ ਹੋਈ ਸੀ। ਇਹ ਵਾਇਰਸ ਸੰਕ੍ਰਮਿਤ ਵਿਅਕਤੀ ਜਾਂ ਪ੍ਰਭਾਵਿਤ ਜਾਨਵਰਾਂ ਦੇ ਸੰਪਰਕ ਰਾਹੀਂ ਫੈਲ ਸਕਦਾ ਹੈ ਅਤੇ ਸਮੇਂ ਸਿਰ ਇਲਾਜ ਨਾ ਮਿਲਣ ‘ਤੇ ਜਾਨਲੇਵਾ ਸਾਬਤ ਹੋ ਸਕਦਾ ਹੈ।



















