ਗਣਨਾ ਫਾਰਮਾਂ ਦੀ ਡਿਜੀਟਾਈਜੇਸ਼ਨ ਦਾ ਲਗਭਗ 71 ਫੀਸਦੀ ਕੰਮ ਮੁਕੰਮਲ

49
ਬਰਨਾਲਾ, 13 ਜੁਲਾਈ 2026 AJ DI Awaaj
Punjab Desk :   ਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਚੋਣ ਅਫ਼ਸਰ ਦੀ ਅਗਵਾਈ ਅਧੀਨ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐਸ.ਆਈ.ਆਰ) ਮੁਹਿੰਮ ਤਹਿਤ ਜ਼ਿਲ੍ਹੇ ਦੇ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ ਪ੍ਰਕਿਰਿਆ ਵਿੱਚ ਜ਼ਿਲ੍ਹਾ ਬਰਨਾਲਾ ਵਿੱਚ ਕਰੀਬ 71 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ।
        ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕਰੀਬ 71 ਫੀਸਦੀ ਗਣਨਾ ਫਾਰਮ ਭਰਵਾਉਣ ਮਗਰੋਂ ਬੀਐਲਓਜ਼ ਵਲੋਂ ਡਿਜੀਟਾਈਜ਼ਡ ਕੀਤੇ ਜਾ ਚੁੱਕੇ ਹਨ।
ਓਹਨਾਂ ਕਿਹਾ ਕਿ ਜ਼ਿਲ੍ਹੇ ਦੇ 558 ਪੋਲਿੰਗ ਬੂਥਾਂ ’ਤੇ ਲਗਾਏ ਗਏ ਦੋ ਰੋਜ਼ਾ ਵਿਸ਼ੇਸ਼ ਕੈਂਪਾਂ ਦੌਰਾਨ ਵੀ ਜ਼ਿਲ੍ਹੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਜਿੱਥੇ ਲੋਕਾਂ ਵੱਲੋਂ ਭਰੇ ਹੋਏ ਗਣਨਾ ਫਾਰਮ ਆਪਣੇ ਸਬੰਧਤ ਬੀ.ਐਲ.ਓਜ਼ਨੂੰ ਜਮ੍ਹਾਂ ਕਰਾਏ ਗਏ।
 ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਘਰ-ਘਰ ਜਾ ਕੇ ਗਣਨਾ ਫਾਰਮ ਇਕੱਠੇ ਕਰਨ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ ਅਤੇ ਇਹ 24 ਜੁਲਾਈ, 2026 ਤੱਕ ਜਾਰੀ ਰਹੇਗੀ।
ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਵੋਟਰਾਂ ਨੇ ਅਜੇ ਤੱਕ ਆਪਣੇ ਗਣਨਾ ਫਾਰਮ ਜਮ੍ਹਾਂ ਨਹੀਂ ਕਰਵਾਏ ਹਨ ਉਹ ਤੁਰੰਤ ਆਪਣੇ ਸਬੰਧਤ ਬੀ.ਐਲ.ਓਜ਼ ਨਾਲ ਸੰਪਰਕ ਕਰਨ।
   ਉਨ੍ਹਾਂ ਦੱਸਿਆ ਕਿ ਹਰੇਕ ਯੋਗ ਵੋਟਰ ਦਾ ਨਾਮ 3 ਅਗਸਤ, 2026 ਨੂੰ ਪ੍ਰਕਾਸ਼ਿਤ ਹੋਣ ਵਾਲੀ ਡ੍ਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਹੋਣਾ ਯਕੀਨੀ ਬਣਾਉਣ ਲਈ ਗਣਨਾ ਫਾਰਮ ਨਿਰਧਾਰਤ ਸਮੇਂ ਦੇ ਅੰਦਰ ਬੀ.ਐਲ.ਓਜ਼ ਕੋਲ ਜਮ੍ਹਾਂ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਲੋਕਾਂ ਨੂੰ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਬਾਰੇ ਕਿਸੇ ਵੀ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਨਾਗਰਿਕ, ਚੋਣ ਕਮਿਸ਼ਨ ਦੇ ਟੌਲ ਫਰੀ ਨੰਬਰ 1950 ‘ਤੇ ਸੰਪਰਕ ਕਰ ਸਕਦੇ ਹਨ।