ਬਰਸਾਤ ਦੇ ਮੌਸਮ ਦੌਰਾਨ ਸਿਹਤ ਪ੍ਰਤੀ ਸਾਵਧਾਨੀ ਹੀ ਸਭ ਤੋਂ ਵਧੀਆ ਬਚਾਅ: ਡਾ. ਸੁਰਿੰਦਰਪਾਲ ਸਿੰਘ

2

ਭਾਖੜਾ ਬਿਆਸ ਪ੍ਰਬੰਧ ਬੋਰਡ, ਤਲਵਾੜਾ

-ਬੀਬੀਐਮਬੀ ਹਸਪਤਾਲ ਵੱਲੋਂ ਸਿਹਤ ਸਲਾਹ ਜਾਰੀ

-ਬੱਚਿਆਂ ਤੇ ਅੱਖਾਂ ਦੀ ਸੰਭਾਲ ਬਾਰੇ ਵੀ ਦਿੱਤੀ ਜਾਣਕਾਰੀ

ਤਲਵਾੜਾ, 12 ਜੁਲਾਈ 2026 Aj Di Awaaj

Punjab Desk:  ਬਰਸਾਤ ਦਾ ਮੌਸਮ ਆਪਣੇ ਨਾਲ ਠੰਢਕ ਅਤੇ ਰਾਹਤ ਤਾਂ ਲਿਆਉਂਦਾ ਹੈ, ਪਰ ਇਸ ਦੇ ਨਾਲ ਹੀ ਕਈ ਤਰ੍ਹਾਂ ਦੀਆਂ ਮੌਸਮੀ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸੇ ਲਈ ਬਿਆਸ ਡੈਮ ਦੇ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਨਿਰਦੇਸਾਂ ਅਨੁਸਾਰ ਬੀਬੀਐਮਬੀ ਹਸਪਤਾਲ ਤਲਵਾੜਾ ਦੇ ਪ੍ਰਿੰਸੀਪਲ ਮੈਡੀਕਲ ਅਫਸਰ ਡਾ. ਸੁਰਿੰਦਰਪਾਲ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਸਮ ਵਿੱਚ ਥੋੜ੍ਹੀ ਜਿਹੀ ਸਾਵਧਾਨੀ ਅਪਣਾ ਕੇ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਬਰਸਾਤ ਦੌਰਾਨ ਦੂਸ਼ਿਤ ਪਾਣੀ ਅਤੇ ਗੰਦਗੀ ਕਾਰਨ ਡਾਇਰੀਆ, ਟਾਈਫਾਇਡ, ਪੀਲੀਆ, ਵਾਇਰਲ ਬੁਖ਼ਾਰ, ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਲੋਕ ਹਮੇਸ਼ਾ ਉਬਾਲਿਆ ਜਾਂ ਸ਼ੁੱਧ ਪਾਣੀ ਹੀ ਪੀਣ, ਤਾਜ਼ਾ ਅਤੇ ਸਾਫ਼-ਸੁਥਰਾ ਭੋਜਨ ਖਾਣ ਅਤੇ ਖੁੱਲ੍ਹੇ ਵਿੱਚ ਵਿਕਣ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਤੋਂ ਪਰਹੇਜ਼ ਕਰਨ। ਘਰਾਂ ਅਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਤਾਂ ਜੋ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ। ਬੁਖ਼ਾਰ, ਉਲਟੀਆਂ, ਦਸਤ ਜਾਂ ਸਰੀਰ ਵਿੱਚ ਅਸਧਾਰਨ ਲੱਛਣ ਨਜ਼ਰ ਆਉਣ ‘ਤੇ ਖ਼ੁਦ ਦਵਾਈ ਲੈਣ ਦੀ ਬਜਾਏ ਤੁਰੰਤ ਡਾਕਟਰੀ ਸਲਾਹ ਲਈ ਜਾਵੇ।

ਬੀਬੀਐਮਬੀ ਹਸਪਤਾਲ ਵਿਚ ਤਾਇਨਾਤ ਬੱਚਿਆਂ ਦੇ ਮਾਹਿਰ ਡਾ. ਗੌਰਵ ਸ਼ਰਮਾ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਛੋਟੇ ਬੱਚਿਆਂ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਗਿੱਲੇ ਕੱਪੜਿਆਂ ਵਿੱਚ ਜ਼ਿਆਦਾ ਦੇਰ ਨਾ ਰਹਿਣ ਦਿੱਤਾ ਜਾਵੇ ਅਤੇ ਮੀਂਹ ਵਿੱਚ ਭਿੱਜਣ ਤੋਂ ਬਾਅਦ ਤੁਰੰਤ ਸੁੱਕੇ ਕੱਪੜੇ ਪਹਿਨਾਏ ਜਾਣ। ਬੱਚਿਆਂ ਨੂੰ ਸਿਰਫ਼ ਤਾਜ਼ਾ, ਪੌਸ਼ਟਿਕ ਅਤੇ ਘਰ ਦਾ ਬਣਿਆ ਭੋਜਨ ਹੀ ਦਿੱਤਾ ਜਾਵੇ। ਪੀਣ ਲਈ ਸਾਫ਼ ਪਾਣੀ ਦੀ ਵਰਤੋਂ ਕੀਤੀ ਜਾਵੇ ਅਤੇ ਹੱਥ ਧੋਣ ਦੀ ਆਦਤ ਨੂੰ ਯਕੀਨੀ ਬਣਾਇਆ ਜਾਵੇ। ਜੇਕਰ ਬੱਚੇ ਨੂੰ ਤੇਜ਼ ਬੁਖ਼ਾਰ, ਸਾਹ ਲੈਣ ਵਿੱਚ ਤਕਲੀਫ਼, ਦਸਤ ਜਾਂ ਲਗਾਤਾਰ ਉਲਟੀਆਂ ਹੋਣ ਤਾਂ ਬਿਨਾਂ ਦੇਰੀ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ।

ਬੀਬੀਐਮਬੀ ਹਸਪਤਾਲ ਵਿਚ ਅੱਖਾਂ ਦੇ ਮਾਹਿਰ ਡਾ. ਅਨਾਹਿਤ ਨੇ ਕਿਹਾ ਕਿ ਨਮੀ ਅਤੇ ਗੰਦਗੀ ਕਾਰਨ ਇਸ ਮੌਸਮ ਵਿੱਚ ਅੱਖਾਂ ਦੇ ਇਨਫੈਕਸ਼ਨ, ਖ਼ਾਸ ਕਰਕੇ ਕੰਨਜਕਟਿਵਾਈਟਿਸ (ਅੱਖ ਆਉਣਾ), ਦੇ ਮਾਮਲੇ ਵੱਧ ਸਕਦੇ ਹਨ। ਉਨ੍ਹਾਂ ਸਲਾਹ ਦਿੱਤੀ ਕਿ ਅੱਖਾਂ ਨੂੰ ਗੰਦੇ ਹੱਥਾਂ ਨਾਲ ਨਾ ਛੂਹਿਆ ਜਾਵੇ, ਆਪਣਾ ਤੌਲੀਆ ਅਤੇ ਰੁਮਾਲ ਵੱਖਰਾ ਵਰਤਿਆ ਜਾਵੇ ਅਤੇ ਅੱਖਾਂ ਵਿੱਚ ਲਾਲੀ, ਖਾਰਸ਼, ਪਾਣੀ ਆਉਣਾ ਜਾਂ ਦਰਦ ਹੋਣ ਦੀ ਸਥਿਤੀ ਵਿੱਚ ਤੁਰੰਤ ਨੇਤਰ ਰੋਗ ਮਾਹਿਰ ਨਾਲ ਸੰਪਰਕ ਕੀਤਾ ਜਾਵੇ। ਬਿਨਾਂ ਡਾਕਟਰੀ ਸਲਾਹ ਤੋਂ ਅੱਖਾਂ ਵਿੱਚ ਕੋਈ ਵੀ ਦਵਾਈ ਜਾਂ ਡਰਾਪ ਨਾ ਪਾਈ ਜਾਵੇ।

ਅੰਤ ਵਿੱਚ ਡਾ. ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਸਫ਼ਾਈ, ਸੰਤੁਲਿਤ ਖੁਰਾਕ ਅਤੇ ਸਮੇਂ ਸਿਰ ਡਾਕਟਰੀ ਸਲਾਹ ਹੀ ਚੰਗੀ ਸਿਹਤ ਦੀ ਕੁੰਜੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਸਿਹਤ ਸੰਬੰਧੀ ਸਮੱਸਿਆ ਹੋਣ ‘ਤੇ ਬੀਬੀਐਮਬੀ ਹਸਪਤਾਲ ਤਲਵਾੜਾ ਨਾਲ ਸੰਪਰਕ ਕਰਕੇ ਮਾਹਿਰ ਡਾਕਟਰਾਂ ਦੀ ਸਲਾਹ ਜ਼ਰੂਰ ਲੈਣ।