9 July 2026 Aj Di Awaaj
National Desk: ਕਰਨਾਟਕ ਦੇ ਉੱਤਰਾ ਕੱਨੜ ਜ਼ਿਲ੍ਹੇ ਵਿੱਚ ਵੀਰਵਾਰ ਤੜਕੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਸੱਤ ਲੋਕਾਂ ਦੀ ਮੌ*ਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਹ ਹਾਦਸਾ ਯੱਲਾਪੁਰ ਤਹਿਸੀਲ ਦੇ ਅਰਬੈਲ ਘਾਟ ਨੇੜੇ ਇੱਕ ਮਲਟੀ ਯੂਟਿਲਿਟੀ ਵਾਹਨ (ਐਮਯੂਵੀ) ਅਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਕਾਰਨ ਵਾਪਰਿਆ।
ਪੁਲਿਸ ਮੁਤਾਬਕ ਸਾਰੇ ਮ੍ਰਿਤਕ ਧਾਰਵਾੜ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉਹ ਬੁੱਧਵਾਰ ਰਾਤ ਐਮਯੂਵੀ ਰਾਹੀਂ ਧਰਮਸਥਲ ਅਤੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਨਿਕਲੇ ਸਨ। ਯਾਤਰਾ ਦੌਰਾਨ ਤੜਕੇ ਉਨ੍ਹਾਂ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ।
ਮ੍ਰਿ*ਤਕਾਂ ਵਿੱਚ ਐਮਯੂਵੀ ਚਾਲਕ ਸੰਜੇ ਅੰਗਾਡੀ (33), ਬਸਵਰਾਜ (48), ਅਭਿਸ਼ੇਕ ਈਸ਼ਵਰ (28), ਅਕਸ਼ੈ (26), ਅਭਿਸ਼ੇਕ (26) ਅਤੇ ਮੰਜੂਨਾਥ ਚੁਲਕੀ (32) ਸ਼ਾਮਲ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਐਮਯੂਵੀ ਦੇ ਪਰਖੱਚੇ ਉੱਡ ਗਏ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਣ ਲਈ ਬਚਾਅ ਟੀਮ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ।
ਹਾਦਸੇ ਵਿੱਚ ਜ਼ਖ਼ਮੀ ਦੁਰਗੱਪਾ ਮਦੀਵਾਲ, ਚੰਨਾਬਸੱਯਾ ਸੰਪਗਾਵ ਅਤੇ ਸਚਿਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਦੋ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਯੱਲਾਪੁਰ ਪੁਲਿਸ ਅਤੇ ਹਾਈਵੇ ਪੈਟਰੋਲ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਜ਼ਖ਼ਮੀ ਸ਼ਿਵਰਾਜ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀਐਨਐੱਸ) ਦੀਆਂ ਧਾਰਾਵਾਂ 281, 125(2) ਅਤੇ 106(1) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੀ ਹੈ।












