ਰੂਪਨਗਰ, 3 ਜੁਲਾਈ 2026 AJ DI Awaaj
Punjab Desk : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ “ਸੀ.ਐਮ. ਦੀ ਯੋਗਸ਼ਾਲਾ” ਪਹਿਲਕਦਮੀ ਸੂਬੇ ਨੂੰ ਸਿਹਤਮੰਦ, ਤੰਦਰੁਸਤ ਅਤੇ ਖੁਸ਼ਹਾਲ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਰਾਲਾ ਸਾਬਤ ਹੋ ਰਹੀ ਹੈ। ਇਸ ਮੁਹਿੰਮ ਤਹਿਤ ਜ਼ਿਲ੍ਹਾ ਰੂਪਨਗਰ ਵੀ ਸ਼ਾਨਦਾਰ ਯੋਗਦਾਨ ਪਾ ਰਿਹਾ ਹੈ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਹਰ ਰੋਜ਼ ਮੁਫ਼ਤ ਯੋਗਾ ਸੈਸ਼ਨਾਂ ਨਾਲ ਜੁੜ ਕੇ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾ ਰਹੇ ਹਨ।
ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ ਇਸ ਸਮੇਂ 289 ਯੋਗਾ ਕਲਾਸਾਂ ਨਿਯਮਿਤ ਤੌਰ ‘ਤੇ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ 50 ਯੋਗਾ ਟ੍ਰੇਨਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਨ੍ਹਾਂ ਕਲਾਸਾਂ ਰਾਹੀਂ ਰੋਜ਼ਾਨਾ 7,225 ਤੋਂ ਵੱਧ ਨਾਗਰਿਕ ਯੋਗਾ ਕਰਕੇ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿਣ ਦਾ ਲਾਭ ਪ੍ਰਾਪਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ “ਸੀ.ਐਮ. ਦੀ ਯੋਗਸ਼ਾਲਾ” ਦਾ ਮੁੱਖ ਉਦੇਸ਼ ਪੰਜਾਬ ਦੇ ਹਰ ਵਰਗ ਤੱਕ ਯੋਗਾ ਦੀ ਪਹੁੰਚ ਯਕੀਨੀ ਬਣਾਉਣਾ ਹੈ ਤਾਂ ਜੋ ਲੋਕਾਂ ਨੂੰ ਸਿਹਤਮੰਦ, ਤਣਾਅ-ਮੁਕਤ ਅਤੇ ਸੰਤੁਲਿਤ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਯੋਗਾ ਸਿਰਫ਼ ਇੱਕ ਕਸਰਤ ਨਹੀਂ, ਸਗੋਂ ਸਰੀਰ, ਮਨ ਅਤੇ ਆਤਮਾ ਦੇ ਸੰਤੁਲਨ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਬਜ਼ੁਰਗਾਂ, ਔਰਤਾਂ, ਨੌਜਵਾਨਾਂ ਅਤੇ ਬੱਚਿਆਂ ਵੱਲੋਂ ਯੋਗਾ ਕਲਾਸਾਂ ਵਿੱਚ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਜਾ ਰਹੀ ਹੈ। ਇਸ ਨਾਲ ਨਾ ਸਿਰਫ਼ ਲੋਕਾਂ ਦੀ ਸਰੀਰਕ ਸਮਰੱਥਾ ਵਿੱਚ ਵਾਧਾ ਹੋ ਰਿਹਾ ਹੈ, ਸਗੋਂ ਮਾਨਸਿਕ ਤਣਾਅ ਵੀ ਘੱਟ ਹੋ ਰਿਹਾ ਹੈ ਅਤੇ ਸਿਹਤ ਪ੍ਰਤੀ ਜਾਗਰੂਕਤਾ ਵਧ ਰਹੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ “ਰੰਗਲਾ ਪੰਜਾਬ” ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਬਹੁਤ ਜ਼ਰੂਰੀ ਹੈ। “ਸੀ.ਐਮ. ਦੀ ਯੋਗਸ਼ਾਲਾ” ਇਸੇ ਦਿਸ਼ਾ ਵਿੱਚ ਇੱਕ ਸਫਲ ਪਹਿਲ ਹੈ, ਜਿਸ ਰਾਹੀਂ ਹਰ ਪੰਜਾਬੀ ਨੂੰ ਤੰਦਰੁਸਤ ਬਣਾਉਣ ਦਾ ਉਦੇਸ਼ ਪੂਰਾ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡੇਚਲਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜੇ ਚੱਲ ਰਹੀਆਂ “ਸੀ.ਐਮ. ਦੀ ਯੋਗਸ਼ਾਲਾ” ਕਲਾਸਾਂ ਨਾਲ ਜੁੜ ਕੇ ਯੋਗਾ ਨੂੰ ਆਪਣੀ ਰੋਜ਼ਾਨਾ ਦੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਅਤੇ ਸਿਹਤਮੰਦ, ਖੁਸ਼ਹਾਲ ਤੇ ਰੰਗਲੇ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ।














