ਚੰਬਾ ਵਿੱਚ ਅਚਾਨਕ ਆਏ ਹੜ੍ਹ ਕਾਰਨ 30 ਸ਼ਰਧਾਲੂ ਫਸੇ, ਕਿੰਨੌਰ ਵਿੱਚ ਸੜਕ ਵਹਿ ਜਾਣ ਨਾਲ ਪਿੰਡ ਦਾ ਸੰਪਰਕ ਟੁੱਟਿਆ; 5 ਜੁਲਾਈ ਤੱਕ ਆਰੇਂਜ ਅਲਰਟ ਜਾਰੀ।
3 July 2026 Aj Di Awaaj
Himachal Desk: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਮੀਂਹ ਅਤੇ ਜ਼ਮੀਨ ਖਿਸਕਣ ਦੀਆਂ ਵੱਖ-ਵੱਖ ਘਟਨਾਵਾਂ ਵਿੱਚ 5 ਲੋਕਾਂ ਦੀ ਮੌ*ਤ ਹੋ ਗਈ, ਜਦਕਿ ਸੂਬੇ ਭਰ ਵਿੱਚ ਸੜਕਾਂ, ਬਿਜਲੀ ਅਤੇ ਪੀਣ ਵਾਲੇ ਪਾਣੀ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।
ਰਾਜ ਐਮਰਜੈਂਸੀ ਆਪਰੇਸ਼ਨ ਸੈਂਟਰ (SEOC) ਅਨੁਸਾਰ ਸ਼ਿਮਲਾ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਮੰਡੀ ਦੇ ਰਹਿਣ ਵਾਲੇ ਬੱਸ ਕੰਡਕਟਰ ਗਿਆਨ ਚੰਦ ਦੀ ਲਾਹੌਲ-ਸਪੀਤੀ ਦੇ ਉਦੈਪੁਰ ਖੇਤਰ ਵਿੱਚ ਪਹਾੜ ਤੋਂ ਚੱਟਾਨ ਡਿੱਗਣ ਕਾਰਨ ਜਾਨ ਚਲੀ ਗਈ।
ਚੰਬਾ ਜ਼ਿਲ੍ਹੇ ਦੇ ਭਰਮੌਰ ਉਪਮੰਡਲ ਵਿੱਚ ਇੱਕ ਮੰਦਰ ਨੇੜੇ ਅਚਾਨਕ ਆਏ ਹੜ੍ਹ ਕਾਰਨ ਲੱਕੜ ਦਾ ਅਸਥਾਈ ਪੁਲ ਵਹਿ ਗਿਆ, ਜਿਸ ਨਾਲ ਕਰੀਬ 30 ਸ਼ਰਧਾਲੂ ਫਸ ਗਏ। ਸੂਚਨਾ ਮਿਲਦੇ ਹੀ ਐਨਡੀਆਰਐਫ, ਸਥਾਨਕ ਪ੍ਰਸ਼ਾਸਨ, ਪਰਬਤਾਰੋਹਣ ਸੰਸਥਾ ਅਤੇ ਲੋਕ ਨਿਰਮਾਣ ਵਿਭਾਗ (PWD) ਦੀਆਂ ਟੀਮਾਂ ਨੇ ਸਾਂਝਾ ਰਾਹਤ ਅਤੇ ਬਚਾਅ ਅਭਿਆਨ ਸ਼ੁਰੂ ਕੀਤਾ। ਪ੍ਰਸ਼ਾਸਨ ਵੱਲੋਂ ਫਸੇ ਸ਼ਰਧਾਲੂਆਂ ਤੱਕ ਲੋੜੀਂਦੀ ਰਾਹਤ ਸਮੱਗਰੀ ਵੀ ਪਹੁੰਚਾਈ ਗਈ।
ਉੱਧਰ, ਕਿੰਨੌਰ ਜ਼ਿਲ੍ਹੇ ਦੇ ਰਿਸਪਾ ਪਿੰਡ ਨੂੰ ਜੋੜਣ ਵਾਲੀ ਇਕਲੌਤੀ ਸੜਕ ਚੇਰੰਗ ਖੱਡ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਵਹਿ ਗਈ, ਜਿਸ ਨਾਲ ਪਿੰਡ ਦਾ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ। ਭਾਭਾ ਘਾਟੀ ਵਿੱਚ ਸੁਰਚੋ ਖੱਡ ‘ਤੇ ਬਣਿਆ ਲੱਕੜ ਦਾ ਪੁਲ ਵੀ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਿਆ।
ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਸੂਬੇ ਵਿੱਚ 49 ਸੜਕਾਂ ਬੰਦ ਹਨ। ਇਨ੍ਹਾਂ ਵਿੱਚ ਕੁੱਲੂ ਦੀਆਂ 30, ਸਿਰਮੌਰ ਦੀਆਂ 8, ਚੰਬਾ ਦੀਆਂ 7 ਅਤੇ ਲਾਹੌਲ-ਸਪੀਤੀ ਤੇ ਊਨਾ ਦੀਆਂ 2-2 ਸੜਕਾਂ ਸ਼ਾਮਲ ਹਨ। ਇਸ ਤੋਂ ਇਲਾਵਾ 42 ਬਿਜਲੀ ਟਰਾਂਸਫਾਰਮਰ ਅਤੇ 27 ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਵੀ ਪ੍ਰਭਾਵਿਤ ਹੋਈਆਂ ਹਨ।
ਇਸ ਦੌਰਾਨ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (BRO) ਨੇ ਲਾਹੌਲ-ਸਪੀਤੀ ਵਿੱਚ ਮਨੁੱਖਤਾ ਦੀ ਮਿਸਾਲ ਪੇਸ਼ ਕਰਦਿਆਂ ਗੰਭੀਰ ਰੂਪ ਨਾਲ ਬਿਮਾਰ ਮਹਿਲਾ ਸ਼ਾਂਤੀ ਦੇਵੀ ਨੂੰ ਉਫਨਦੇ ਜਾਹਲਮਾ ਨਾਲੇ ਤੋਂ ਸੁਰੱਖਿਅਤ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।
ਮੌਸਮ ਵਿਭਾਗ ਨੇ 5 ਜੁਲਾਈ ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਜਤਾਉਂਦਿਆਂ ਆਰੇਂਜ ਅਲਰਟ ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਦਰਿਆਵਾਂ, ਨਾਲਿਆਂ ਅਤੇ ਜ਼ਮੀਨ ਖਿਸਕਣ ਵਾਲੇ ਸੰਵੇਦਨਸ਼ੀਲ ਇਲਾਕਿਆਂ ਤੋਂ ਦੂਰ ਰਹਿਣ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।














