India 01 July 2026 AJ DI Awaaj
National Desk : ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਆਈਸੀਸੀ ਦੀ ਤਾਜ਼ਾ ਟੀ-20 ਰੈਂਕਿੰਗ ਵਿੱਚ ਭਾਰਤੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਆਪਣੇ ਸਾਥੀ ਅਭਿਸ਼ੇਕ ਸ਼ਰਮਾ ਨੂੰ ਪਿੱਛੇ ਛੱਡਦਿਆਂ ਦੁਨੀਆ ਦੇ ਨੰਬਰ-1 ਟੀ-20 ਬੱਲੇਬਾਜ਼ ਦਾ ਸਥਾਨ ਹਾਸਲ ਕਰ ਲਿਆ ਹੈ।
ਈਸ਼ਾਨ ਕਿਸ਼ਨ ਨੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ 876 ਰੇਟਿੰਗ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਅਭਿਸ਼ੇਕ ਸ਼ਰਮਾ 869 ਅੰਕਾਂ ਨਾਲ ਦੂਜੇ ਨੰਬਰ ‘ਤੇ ਖਿਸਕ ਗਏ ਹਨ। ਭਾਰਤ ਦੇ ਹੋਰ ਬੱਲੇਬਾਜ਼ਾਂ ਵਿੱਚ ਤਿਲਕ ਵਰਮਾ ਪੰਜਵੇਂ ਅਤੇ ਸੂਰਿਆਕੁਮਾਰ ਯਾਦਵ ਅੱਠਵੇਂ ਸਥਾਨ ‘ਤੇ ਹਨ।
ਕਿਸ਼ਨ ਨੇ 2026 ਵਿੱਚ ਹੁਣ ਤੱਕ 15 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 545 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦਾ ਸਰਵੋਤਮ ਸਕੋਰ 103 ਰਿਹਾ ਹੈ, ਜਦਕਿ ਉਨ੍ਹਾਂ ਦੀ ਸਟ੍ਰਾਈਕ ਰੇਟ ਕਰੀਬ 200 ਅਤੇ ਔਸਤ 36.33 ਰਹੀ ਹੈ। ਉਨ੍ਹਾਂ ਨੇ ਇੱਕ ਸੈਂਕੜਾ ਅਤੇ ਚਾਰ ਅਰਧ ਸੈਂਕੜੇ ਵੀ ਜੜੇ ਹਨ। ਟੀ-20 ਵਿਸ਼ਵ ਕੱਪ ਵਿੱਚ ਵੀ ਉਨ੍ਹਾਂ ਨੇ 317 ਦੌੜਾਂ ਬਣਾਕੇ ਟੀਮ ਦੀ ਸਫਲਤਾ ਵਿੱਚ ਅਹਿਮ ਯੋਗਦਾਨ ਪਾਇਆ ਸੀ।
ਦੂਜੇ ਪਾਸੇ, ਗੇਂਦਬਾਜ਼ਾਂ ਦੀ ਟੀ-20 ਰੈਂਕਿੰਗ ਵਿੱਚ ਵਰੁਣ ਚੱਕਰਵਰਤੀ ਇੱਕ ਸਥਾਨ ਖਿਸਕ ਕੇ ਤੀਜੇ ਨੰਬਰ ‘ਤੇ ਆ ਗਏ ਹਨ, ਜਦਕਿ ਜਸਪ੍ਰੀਤ ਬੁਮਰਾਹ ਛੇਵੇਂ ਸਥਾਨ ‘ਤੇ ਪਹੁੰਚ ਗਏ ਹਨ। ਆਲਰਾਊਂਡਰਾਂ ਦੀ ਰੈਂਕਿੰਗ ਵਿੱਚ ਹਾਰਦਿਕ ਪੰਡਿਆ ਦੂਜੇ ਸਥਾਨ ‘ਤੇ ਕਾਇਮ ਹਨ, ਜਦਕਿ ਸ਼ਿਵਮ ਦੂਬੇ ਤਿੰਨ ਸਥਾਨਾਂ ਦੀ ਛਾਲ ਮਾਰ ਕੇ ਸੱਤਵੇਂ ਨੰਬਰ ‘ਤੇ ਪਹੁੰਚ ਗਏ ਹਨ।














