01 July 2026 Aj Di Awaaj
International Desk: ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਮੰਗਲਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਨਿਰਮਾਣ ਅਧੀਨ ਇਮਾਰਤ ਵਿੱਚ ਚੱਲ ਰਹੇ ਇੱਕ ਨਿੱਜੀ ਟਿਊਸ਼ਨ ਸੈਂਟਰ ਦੀ ਛੱਤ ਅਚਾਨਕ ਡਿੱਗਣ ਕਾਰਨ 14 ਸਕੂਲੀ ਵਿਦਿਆਰਥੀਆਂ ਦੀ ਮੌ*ਤ ਹੋ ਗਈ, ਜਦਕਿ 20 ਹੋਰ ਬੱਚੇ ਅਤੇ ਇੱਕ ਮਹਿਲਾ ਅਧਿਆਪਕਾ ਜ਼ਖ਼ਮੀ ਹੋ ਗਏ। ਰਾਹਤ ਅਤੇ ਬਚਾਅ ਟੀਮਾਂ ਮਲਬੇ ਹੇਠ ਫਸੇ ਹੋਰ ਲੋਕਾਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ।
ਪੁਲਿਸ ਮੁਤਾਬਕ ਇਹ ਹਾਦਸਾ ਲਾਹੌਰ ਦੇ ਸੰਘਣੀ ਆਬਾਦੀ ਵਾਲੇ ਕਾਹਨਾ ਨੌ ਇਲਾਕੇ ਵਿੱਚ ਵਾਪਰਿਆ। ਹਾਦਸੇ ਵੇਲੇ 7 ਤੋਂ 13 ਸਾਲ ਦੀ ਉਮਰ ਦੇ 30 ਤੋਂ ਵੱਧ ਬੱਚੇ ਟਿਊਸ਼ਨ ਸੈਂਟਰ ਵਿੱਚ ਪੜ੍ਹ ਰਹੇ ਸਨ। ਇਸ ਦੌਰਾਨ ਛੱਤ ਅਚਾਨਕ ਢਹਿ ਗਈ ਅਤੇ ਸਾਰੇ ਬੱਚੇ ਮਲਬੇ ਹੇਠ ਦੱਬ ਗਏ।
ਸੂਚਨਾ ਮਿਲਦੇ ਹੀ ਪੁਲਿਸ, ਐਂਬੂਲੈਂਸ ਅਤੇ ਰਾਹਤ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਵਿੱਚ ਅਜੇ ਵੀ ਕੁਝ ਬੱਚਿਆਂ ਦੇ ਫਸੇ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਬਚਾਅ ਕਾਰਜ ਜਾਰੀ ਹਨ।
ਠੇਕੇਦਾਰ ਗ੍ਰਿਫ਼ਤਾਰ
ਲਾਹੌਰ ਦੇ ਡੀਆਈਜੀ ਆਪਰੇਸ਼ਨ ਫੈਜ਼ਲ ਕਾਮਰਾਨ ਨੇ ਦੱਸਿਆ ਕਿ ਹੁਣ ਤੱਕ ਮਲਬੇ ਵਿੱਚੋਂ 14 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਮਾਰਤ ਦਾ ਇੱਕ ਹਿੱਸਾ ਨਿਰਮਾਣ ਅਧੀਨ ਸੀ ਅਤੇ ਹਾਦਸੇ ਵੇਲੇ ਉੱਥੇ ਮਜ਼ਦੂਰ ਵੀ ਕੰਮ ਕਰ ਰਹੇ ਸਨ। ਲਾਪਰਵਾਹੀ ਦੇ ਦੋਸ਼ਾਂ ਹੇਠ ਸੰਬੰਧਿਤ ਠੇਕੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮ੍ਰਿ*ਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ
ਲਾਹੌਰ ਜ਼ਿਲ੍ਹਾ ਸਿੱਖਿਆ ਅਥਾਰਟੀ ਦੇ ਸੀਈਓ ਤਾਰਿਕ ਮਹਿਮੂਦ ਨੇ ਦੱਸਿਆ ਕਿ ਇਸ ਇਮਾਰਤ ਵਿੱਚ ਇੱਕ ਮਹਿਲਾ ਵੱਲੋਂ ਨਿੱਜੀ ਟਿਊਸ਼ਨ ਸੈਂਟਰ ਚਲਾਇਆ ਜਾ ਰਿਹਾ ਸੀ। ਰਾਹਤ ਕਾਰਜਾਂ ਵਿੱਚ ਸ਼ਾਮਲ ਈਧੀ ਫਾਊਂਡੇਸ਼ਨ ਨੇ ਕਿਹਾ ਹੈ ਕਿ ਕੁਝ ਬੱਚੇ ਅਜੇ ਵੀ ਮਲਬੇ ਹੇਠ ਫਸੇ ਹੋ ਸਕਦੇ ਹਨ, ਜਿਸ ਕਾਰਨ ਮੌਤਾਂ ਦੀ ਗਿਣਤੀ ਵੱਧਣ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਦਿੱਤੇ ਜਾਂਚ ਦੇ ਹੁਕਮ
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਇਸ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਾਮਲੇ ਦੀ ਵਿਸਥਾਰ ਨਾਲ ਜਾਂਚ ਕਰਨ, ਲਾਪਰਵਾਹੀ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਕੇਸ ਦਰਜ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।














