ਜਲੰਧਰ : 25 June 2026 AJ DI Awaaj
Punjab Desk : ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੀ ਮੰਗਲਵਾਰ ਨੂੰ ਅਚਾਨਕ ਤਬੀਅਤ ਖਰਾਬ ਹੋ ਗਈ। ਜਲੰਧਰ ਵਿੱਚ ਆਯੋਜਿਤ ਇੱਕ ਸਰਕਾਰੀ ਸਮਾਗਮ ਦੌਰਾਨ ਉਹ ਅਚਾਨਕ ਬੇ*ਹੋਸ਼ ਹੋ ਕੇ ਡਿੱਗ ਪਏ, ਜਿਸ ਕਾਰਨ ਮੌਕੇ ‘ਤੇ ਹੜਕੰਪ ਮਚ ਗਿਆ।
ਜਾਣਕਾਰੀ ਮੁਤਾਬਕ ਮਨੋਰੰਜਨ ਕਾਲੀਆ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਰੇਲਵੇ ਓਵਰ ਬ੍ਰਿਜ (ਆਰਓਬੀ) ਦੇ ਉਦਘਾਟਨ ਸਮਾਰੋਹ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਹੋਏ ਸਨ। ਸਮਾਗਮ ਦੌਰਾਨ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਹ ਮੰਚ ਦੇ ਨੇੜੇ ਹੀ ਡਿੱਗ ਪਏ।
ਘਟਨਾ ਤੋਂ ਤੁਰੰਤ ਬਾਅਦ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਅਤੇ ਭਾਜਪਾ ਆਗੂਆਂ ਨੇ ਉਨ੍ਹਾਂ ਨੂੰ ਸੰਭਾਲਿਆ ਅਤੇ ਫੌਰੀ ਤੌਰ ‘ਤੇ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਨ੍ਹਾਂ ਨੂੰ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਮਨੋਰੰਜਨ ਕਾਲੀਆ ਪਿਛਲੇ ਇੱਕ ਦਿਨ ਤੋਂ ਬੁਖਾਰ ਨਾਲ ਪੀੜਤ ਸਨ। ਇਸ ਦੇ ਬਾਵਜੂਦ ਉਹ ਨਿਰਧਾਰਤ ਸਰਕਾਰੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ।
ਹਸਪਤਾਲ ਸਰੋਤਾਂ ਮੁਤਾਬਕ ਇਸ ਵੇਲੇ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਡਾਕਟਰਾਂ ਦੀ ਟੀਮ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ।














