ਬਟਾਲਾ ‘ਚ ਜ਼ਮੀਨੀ ਵਿਵਾਦ ਨੇ ਲਿਆ ਖੂ*ਨੀ ਰੂਪ; ਇੱਕੋ ਪਰਿਵਾਰ ਦੇ 3 ਜਣਿਆਂ ਸਮੇਤ 4 ਦੀ ਮੌ*ਤ

3

24 June 2026 Aj Di Awaaj

Punjab Desk:  ਬਟਾਲਾ ਦੇ ਥਾਣਾ ਸੇਖਵਾਂ ਅਧੀਨ ਪੈਂਦੇ ਪਿੰਡ ਮੁੰਡੀ ਕਰਾਲ ਵਿੱਚ ਦੇਰ ਰਾਤ ਜ਼ਮੀਨੀ ਵਿਵਾਦ ਕਾਰਨ ਵਾਪਰੀ ਇੱਕ ਦਰਦਨਾਕ ਘਟਨਾ ਨੇ ਪੂਰੇ ਇਲਾਕੇ ਨੂੰ ਸਦਮੇ ਵਿੱਚ ਪਾ ਦਿੱਤਾ। ਇਸ ਖੂਨੀ ਵਾਰਦਾਤ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਕੁੱਲ ਚਾਰ ਲੋਕਾਂ ਦੀ ਮੌ*ਤ ਹੋ ਗਈ।

ਮੁੱਢਲੀ ਜਾਣਕਾਰੀ ਅਨੁਸਾਰ, ਮਨਜੋਤ ਸਿੰਘ ਨਾਮਕ ਨੌਜਵਾਨ ਨੇ ਆਪਣੀ ਚਾਚੀ ਹਰਜੀਤ ਕੌਰ ਅਤੇ 12 ਸਾਲਾ ਚਚੇਰੇ ਭਰਾ ਹਰੀ ਅਮ੍ਰਿਤਪਾਲ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਮੌ*ਤ ਹੋ ਗਈ।

ਘਟਨਾ ਦੌਰਾਨ ਜਦੋਂ ਮਨਜੋਤ ਸਿੰਘ ਦਾ ਦੋਸਤ ਪ੍ਰਗਟ ਸਿੰਘ, ਜੋ ਕਿ ਫੌਜ ਵਿੱਚ ਸੇਵਾ ਨਿਭਾ ਰਿਹਾ ਸੀ, ਉਸ ਨੂੰ ਰੋਕਣ ਲਈ ਅੱਗੇ ਆਇਆ ਤਾਂ ਉਹ ਵੀ ਗੋ*ਲੀ ਦਾ ਸ਼ਿਕਾਰ ਹੋ ਗਿਆ। ਗੰਭੀਰ ਸੱਟਾਂ ਕਾਰਨ ਉਸ ਦੀ ਵੀ ਮੌ*ਤ ਹੋ ਗਈ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਆਪਣੇ ਘਰ ਵਾਪਸ ਚਲਾ ਗਿਆ, ਜਿੱਥੇ ਉਸ ਨੇ ਖੁਦ ਨੂੰ ਗੋ*ਲੀ ਮਾਰ ਕੇ ਆ*ਤਮਹੱਤਿਆ ਕਰ ਲਈ। ਇਸ ਤਰ੍ਹਾਂ ਇਸ ਦੁਖਦਾਈ ਘਟਨਾ ਵਿੱਚ ਕੁੱਲ ਚਾਰ ਲੋਕਾਂ ਦੀ ਜਾਨ ਚਲੀ ਗਈ।

ਸੂਚਨਾ ਮਿਲਣ ‘ਤੇ ਥਾਣਾ ਸੇਖਵਾਂ ਦੀ ਪੁਲਿਸ ਅਤੇ ਡੀਐਸਪੀ ਸਿਟੀ ਸੁਖਿੰਦਰ ਸਿੰਘ ਤੁਰੰਤ ਮੌਕੇ ‘ਤੇ ਪਹੁੰਚੇ। ਫੋਰੈਂਸਿਕ ਮਾਹਿਰਾਂ ਦੀ ਟੀਮ ਨੇ ਵੀ ਘਟਨਾ ਸਥਾਨ ਦਾ ਮੁਆਇਨਾ ਕਰਕੇ ਸਬੂਤ ਇਕੱਠੇ ਕੀਤੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਪੁਲਿਸ ਨੇ ਚਾਰਾਂ ਮ੍ਰਿ*ਤਕਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਟਾਲਾ ਦੇ ਮੁਰਦਾਘਰ ਵਿੱਚ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੋਰ ਤੱਥ ਸਾਹਮਣੇ ਆ ਸਕਦੇ ਹਨ।