ਕਰਨਾਟਕ: 17 June 2026 AJ DI Awaaj
National Desk : ਇੱਕ ਦੁਖਦਾਈ ਘਟਨਾ ਵਿੱਚ 26 ਸਾਲਾ ਪੇਸ਼ੇਵਰ ਬਾਡੀ ਬਿਲਡਰ ਸੁਸ਼ੀਲ ਕੁਮਾਰ ਦੀ ਅਚਾਨਕ ਮੌ*ਤ ਹੋ ਗਈ। ਜਾਣਕਾਰੀ ਅਨੁਸਾਰ ਸੁਸ਼ੀਲ ਹਰ ਰੋਜ਼ ਦੀ ਤਰ੍ਹਾਂ ਜਿਮ ਵਿੱਚ ਵਰਕਆਊਟ ਕਰਨ ਤੋਂ ਬਾਅਦ ਪੂਰੀ ਤਰ੍ਹਾਂ ਸਧਾਰਨ ਹਾਲਤ ਵਿੱਚ ਘਰ ਵਾਪਸ ਆਇਆ ਸੀ। ਪਰ ਘਰ ਪਹੁੰਚਣ ਮਗਰੋਂ ਜਦੋਂ ਉਹ ਆਰਾਮ ਲਈ ਸੋਫੇ ‘ਤੇ ਬੈਠਿਆ ਤਾਂ ਉਸ ਨੂੰ ਅਚਾਨਕ ਛਾਤੀ ਵਿੱਚ ਤੇਜ਼ ਦਰਦ ਮਹਿਸੂਸ ਹੋਇਆ ਅਤੇ ਉਹ ਬੇਹੋਸ਼ ਹੋ ਕੇ ਫਰਸ਼ ‘ਤੇ ਡਿੱਗ ਪਿਆ।
ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿ*ਤਕ ਐਲਾਨ ਦਿੱਤਾ। ਡਾਕਟਰਾਂ ਮੁਤਾਬਕ ਸੁਸ਼ੀਲ ਦੀ ਮੌ*ਤ ਦਾ ਕਾਰਨ ਸਾਇਲੈਂਟ ਹਾਰਟ ਅਟੈਕ ਸੀ।
ਸੁਸ਼ੀਲ ਕੁਮਾਰ ਇੱਕ ਮਸ਼ਹੂਰ ਬਾਡੀ ਬਿਲਡਰ ਸੀ ਅਤੇ ਉਹ ਕਈ ਰਾਜ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਖਿਤਾਬ ਜਿੱਤ ਚੁੱਕਾ ਸੀ। ਉਹ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਲਈ ਸਖ਼ਤ ਤਿਆਰੀ ਕਰ ਰਿਹਾ ਸੀ। ਉਸ ਦੀ ਅਚਾਨਕ ਮੌ*ਤ ਨੇ ਖੇਡ ਅਤੇ ਫਿਟਨੈੱਸ ਜਗਤ ਨੂੰ ਝੰਝੋੜ ਕੇ ਰੱਖ ਦਿੱਤਾ ਹੈ।
ਨੌਜਵਾਨਾਂ ਵਿੱਚ ਵੱਧ ਰਹੇ ਹਨ ਦਿਲ ਦੇ ਦੌਰੇ ਦੇ ਮਾਮਲੇ
ਇਸ ਘਟਨਾ ਤੋਂ ਬਾਅਦ ਸਿਹਤ ਮਾਹਿਰਾਂ ਨੇ ਨੌਜਵਾਨਾਂ ਨੂੰ ਆਪਣੀ ਸਿਹਤ ਪ੍ਰਤੀ ਸਚੇਤ ਰਹਿਣ ਦੀ ਸਲਾਹ ਦਿੱਤੀ ਹੈ। ਮਾਹਿਰਾਂ ਅਨੁਸਾਰ ਬੇਹੱਦ ਕਸਰਤ, ਸਮਰੱਥਾ ਤੋਂ ਵੱਧ ਭਾਰ ਚੁੱਕਣਾ, ਡਾਕਟਰੀ ਸਲਾਹ ਤੋਂ ਬਿਨਾਂ ਸਟੀਰੌਇਡ ਜਾਂ ਸਪਲੀਮੈਂਟਸ ਦੀ ਵਰਤੋਂ, ਨੀਂਦ ਦੀ ਕਮੀ ਅਤੇ ਵੱਧ ਤਣਾਅ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਵਧਾ ਸਕਦੇ ਹਨ।
ਸਿਹਤ ਰਿਪੋਰਟਾਂ ਅਨੁਸਾਰ ਭਾਰਤ ਵਿੱਚ ਦਿਲ ਦੀਆਂ ਬਿਮਾਰੀਆਂ ਅਤੇ ਹਾਰਟ ਅਟੈਕ ਕਾਰਨ ਹਰ ਸਾਲ ਲੱਖਾਂ ਲੋਕਾਂ ਦੀ ਮੌ*ਤ ਹੁੰਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਨਿਯਮਿਤ ਸਿਹਤ ਜਾਂਚ, ਸੰਤੁਲਿਤ ਕਸਰਤ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਕੇ ਇਸ ਖਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।














