ਰੂਪਨਗਰ, 12 ਜੂਨ 2026 AJ DI Awaaj
Punjab Desk : ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਦੇ ਸਪੈਸ਼ਲ ਇਟੈਂਸਿਵ ਰਿਵਿਜ਼ਨ (ਐਸ.ਆਈ.ਆਰ) ਦਾ ਸ਼ਡਿਊਲ ਜਾਰੀ ਕੀਤੇ ਜਾਣ ਉਪਰੰਤ ਜ਼ਿਲ੍ਹਾ ਰੂਪਨਗਰ ਵਿੱਚ ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਲਈ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਕਰਵਾਈ ਗਈ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਕਸ਼ਿਤਾ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਜ਼ਿਲ੍ਹਾ ਰੂਪਨਗਰ ਵੱਲੋਂ ਨਿਯੁਕਤ ਕੀਤੇ ਗਏ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਦੁਆਰਾ ਜ਼ਿਲ੍ਹਾ ਅਤੇ ਹਲਕਾ ਪੱਧਰ ’ਤੇ ਤਾਇਨਾਤ ਵੱਖ-ਵੱਖ ਟੀਮਾਂ ਨੂੰ ਐਸ.ਆਈ.ਆਰ.-2026 ਸਬੰਧੀ ਵਿਸਥਾਰਪੂਰਵਕ ਟ੍ਰੇਨਿੰਗ ਪ੍ਰਦਾਨ ਕੀਤੀ ਗਈ।
ਟ੍ਰੇਨਿੰਗ ਦੌਰਾਨ ਮਾਸਟਰ ਟ੍ਰੇਨਰਾਂ ਨੇ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ ਘਰ-ਘਰ ਸਰਵੇਖਣ, ਪੋਲਿੰਗ ਸਟੇਸ਼ਨਾਂ ਦੀ ਤਰਕਸੰਗਤ ਰੇਸ਼ਨਲਾਈਜੇਸ਼ਨ, ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ, ਸਵੀਪ ਗਤੀਵਿਧੀਆਂ ਅਤੇ ਇਸ ਮੁਹਿੰਮ ਨਾਲ ਸਬੰਧਿਤ ਹੋਰ ਮਹੱਤਵਪੂਰਨ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਸਪੈਸ਼ਲ ਇਟੈਂਸਿਵ ਰਿਵਿਜ਼ਨ ਦੇ ਪਹਿਲੇ ਪੜਾਅ ਦੌਰਾਨ ਭਰੇ ਜਾਣ ਵਾਲੇ ਐਨਿਊਮਰੇਸ਼ਨ ਫਾਰਮਾਂ ਦੀ ਪ੍ਰਕਿਰਿਆ, ਉਨ੍ਹਾਂ ਦੀ ਜਾਂਚ-ਪੜਤਾਲ ਅਤੇ ਤਸਦੀਕ ਸਬੰਧੀ ਬੂਥ ਲੈਵਲ ਅਫ਼ਸਰਾਂ (ਬੀਐਲਓਜ਼) ਦੀ ਭੂਮਿਕਾ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਬੀ.ਐੱਲ.ਓ. ਐਪ ਦੀ ਡੈਮੋ ਏ.ਪੀ.ਕੇ ਫਾਈਲ ਰਾਹੀਂ ਇਸ ਦੀ ਵਰਤੋਂ ਅਤੇ ਕਾਰਜਪ੍ਰਣਾਲੀ ਬਾਰੇ ਵੀ ਜਾਣੂ ਕਰਵਾਇਆ ਗਿਆ।
ਟ੍ਰੇਨਿੰਗ ਦੌਰਾਨ ਗ੍ਰੀਵੈਂਸ/ਸ਼ਿਕਾਇਤ ਸੈੱਲ, ਆਈ.ਟੀ. ਸਹਾਇਤਾ ਟੀਮ, ਸੋਸ਼ਲ ਮੀਡੀਆ ਨਿਗਰਾਨੀ ਟੀਮ, ਹੈਲਪ ਡੈਸਕ ਅਤੇ ਸਵੀਪ ਟੀਮ ਸਮੇਤ ਵੱਖ-ਵੱਖ ਟੀਮਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਅਤੇ ਡਿਊਟੀਆਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਚੋਣ ਤਹਿਸੀਲਦਾਰ ਸ. ਪਲਵਿੰਦਰ ਸਿੰਘ, ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਦੇ ਅਸਿਸਟੈਂਟ ਲੈਵਲ ਮਾਸਟਰ ਟ੍ਰੇਨਰ ਅਤੇ ਜ਼ਿਲ੍ਹਾ ਚੋਣ ਦਫ਼ਤਰ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।














