Mohali 08 June 2026 AJ DI Awaaj
Punjab Desk : ਪੰਜਾਬ ਦੇ ਸਕੂਲੀ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ। Punjab School Education Board (PSEB) ਨੇ ਸਿੱਖਿਆ ਪ੍ਰਬੰਧਨ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਕਾਗਜ਼ੀ ਕਾਰਵਾਈ ਅਤੇ ਰਿਕਾਰਡ ਸੰਭਾਲਣ ਦੀਆਂ ਮੁਸ਼ਕਲਾਂ ਕਾਫ਼ੀ ਹੱਦ ਤੱਕ ਖ਼ਤਮ ਹੋ ਜਾਣਗੀਆਂ।
ਨਵੇਂ ਡਿਜੀਟਲ ਐਡਮਿਸ਼ਨ ਐਂਡ ਵਿਡਰਾਅਲ ਰਜਿਸਟਰ ਤਹਿਤ ਵਿਦਿਆਰਥੀਆਂ ਦੇ ਦਾਖ਼ਲੇ ਤੋਂ ਲੈ ਕੇ ਸਕੂਲ ਛੱਡਣ ਅਤੇ ਅਕਾਦਮਿਕ ਰਿਕਾਰਡ ਤੱਕ ਦੀ ਸਾਰੀ ਜਾਣਕਾਰੀ ਇੱਕ ਹੀ ਆਨਲਾਈਨ ਪੋਰਟਲ ‘ਤੇ ਉਪਲਬਧ ਹੋਵੇਗੀ। ਇਸ ਨਾਲ ਸਕੂਲਾਂ ਨੂੰ ਵੱਡੇ ਕਾਗਜ਼ੀ ਰਜਿਸਟਰਾਂ ਤੋਂ ਛੁਟਕਾਰਾ ਮਿਲੇਗਾ ਅਤੇ ਰਿਕਾਰਡ ਪ੍ਰਬੰਧਨ ਹੋਰ ਸੁਚਾਰੂ ਬਣੇਗਾ।
ਬੋਰਡ ਨੇ ਵਿਦਿਆਰਥੀਆਂ ਦੀ ਜਨਮ ਤਾਰੀਖ਼ ਨਾਲ ਸਬੰਧਤ ਗਲਤੀਆਂ ਨੂੰ ਰੋਕਣ ਲਈ ਵੀ ਮਹੱਤਵਪੂਰਨ ਕਦਮ ਚੁੱਕਿਆ ਹੈ। ਨਵੇਂ ਪੋਰਟਲ ਨੂੰ ਪੰਜਾਬ ਦੇ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਡਾਟਾਬੇਸ ਨਾਲ ਜੋੜਿਆ ਗਿਆ ਹੈ, ਜਿਸ ਨਾਲ ਡਿਜੀਟਲ ਜਨਮ ਸਰਟੀਫਿਕੇਟ ਦੀ ਸਿੱਧੀ ਤਸਦੀਕ ਹੋ ਸਕੇਗੀ ਅਤੇ ਗਲਤ ਜਾਣਕਾਰੀ ਦਰਜ ਹੋਣ ਦੀ ਸੰਭਾਵਨਾ ਘੱਟ ਹੋ ਜਾਵੇਗੀ।
ਇਸ ਦੇ ਨਾਲ ਹੀ ਸਿਸਟਮ ਵਿੱਚ ਪਾਰਦਰਸ਼ਤਾ ਵਧਾਉਣ ਲਈ ਨਵੀਂ SMS ਅਲਰਟ ਸੇਵਾ ਵੀ ਸ਼ੁਰੂ ਕੀਤੀ ਜਾ ਰਹੀ ਹੈ। ਜੇਕਰ ਸਕੂਲ ਵੱਲੋਂ ਵਿਦਿਆਰਥੀ ਦੇ ਰਿਕਾਰਡ ਜਾਂ ਪ੍ਰੋਫਾਈਲ ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਮਾਪਿਆਂ ਨੂੰ ਉਨ੍ਹਾਂ ਦੇ ਰਜਿਸਟਰਡ ਮੋਬਾਈਲ ਨੰਬਰ ‘ਤੇ ਤੁਰੰਤ ਸੁਚਨਾ ਮਿਲੇਗੀ।
ਬੋਰਡ ਦਾ ਮੰਨਣਾ ਹੈ ਕਿ ਇਸ ਡਿਜੀਟਲ ਪਹਿਲ ਨਾਲ ਵਿਦਿਆਰਥੀਆਂ ਦੇ ਰਿਕਾਰਡ ਹੋਰ ਸੁਰੱਖਿਅਤ, ਸਹੀ ਅਤੇ ਆਸਾਨੀ ਨਾਲ ਉਪਲਬਧ ਹੋਣਗੇ, ਜਿਸ ਨਾਲ ਮਾਪਿਆਂ ਅਤੇ ਸਕੂਲਾਂ ਦੋਵਾਂ ਨੂੰ ਵੱਡੀ ਸਹੂਲਤ ਮਿਲੇਗੀ।












