India 08 June 2026 AJ DI Awaaj
National Desk : ਦੇਸ਼ ਭਰ ਵਿੱਚ ਘਰੇਲੂ ਐਲਪੀਜੀ (LPG) ਸਿਲੰਡਰ ਦੀ ਕੀਮਤ ਵਿੱਚ 29 ਰੁਪਏ ਦਾ ਵਾਧਾ ਕੀਤਾ ਗਿਆ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪੱਛਮੀ ਏਸ਼ੀਆ ਵਿੱਚ ਤਣਾਅ ਅਤੇ ਹੋਰਮੁਜ਼ ਜਲਡਮਰੂ ਰਾਹੀਂ ਸਪਲਾਈ ਪ੍ਰਭਾਵਿਤ ਹੋਣ ਕਾਰਨ ਇਹ ਫ਼ੈਸਲਾ ਲੈਣਾ ਪਿਆ।
ਪਿਛਲੇ ਤਿੰਨ ਮਹੀਨਿਆਂ ਦੌਰਾਨ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਕੁੱਲ 89 ਰੁਪਏ ਦਾ ਵਾਧਾ ਹੋ ਚੁੱਕਾ ਹੈ। ਇਸ ਤੋਂ ਪਹਿਲਾਂ 7 ਮਾਰਚ ਨੂੰ ਸਰਕਾਰ ਨੇ ਸਿਲੰਡਰ ਦੀ ਕੀਮਤ ਵਿੱਚ 60 ਰੁਪਏ ਦਾ ਇਜ਼ਾਫ਼ਾ ਕੀਤਾ ਸੀ।
ਸਰਕਾਰ ਅਨੁਸਾਰ 14.2 ਕਿਲੋਗ੍ਰਾਮ ਵਾਲੇ ਘਰੇਲੂ ਐਲਪੀਜੀ ਸਿਲੰਡਰ ਦੀ ਸਪਲਾਈ ਲਾਗਤ 1,600 ਰੁਪਏ ਤੋਂ ਵੱਧ ਹੋ ਚੁੱਕੀ ਹੈ, ਜਦਕਿ ਇਹ ਖਪਤਕਾਰਾਂ ਨੂੰ ਲਗਭਗ 942 ਰੁਪਏ ਵਿੱਚ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਕਾਰਨ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਹਰ ਸਿਲੰਡਰ ‘ਤੇ ਕਰੀਬ 700 ਰੁਪਏ ਦੀ ਅੰਡਰ-ਰਿਕਵਰੀ ਜਾਂ ਨੁਕਸਾਨ ਝੱਲਣਾ ਪੈ ਰਿਹਾ ਹੈ।
ਪੈਟਰੋਲੀਅਮ ਮੰਤਰਾਲੇ ਦੇ ਮੁਤਾਬਕ ਪੱਛਮੀ ਏਸ਼ੀਆਈ ਸੰਕਟ ਦਾ ਸਭ ਤੋਂ ਵੱਧ ਅਸਰ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ‘ਤੇ ਦੇਖਣ ਨੂੰ ਮਿਲਿਆ ਹੈ। ਦਿੱਲੀ ਵਿੱਚ 19 ਕਿਲੋਗ੍ਰਾਮ ਵਾਲਾ ਵਪਾਰਕ ਸਿਲੰਡਰ 3,113.50 ਰੁਪਏ ਵਿੱਚ ਵਿਕ ਰਿਹਾ ਹੈ।
ਮੰਤਰਾਲੇ ਨੇ ਦੱਸਿਆ ਕਿ ਭਾਰਤ ਦੀ ਕੁੱਲ ਐਲਪੀਜੀ ਖਪਤ ਦਾ ਲਗਭਗ 54 ਫ਼ੀਸਦੀ ਹਿੱਸਾ ਹੋਰਮੁਜ਼ ਜਲਡਮਰੂ ਰਾਹੀਂ ਆਉਂਦਾ ਹੈ। ਖੇਤਰ ਵਿੱਚ ਤਣਾਅ ਵਧਣ ਕਾਰਨ ਸਪਲਾਈ ਚੇਨ ‘ਤੇ ਦਬਾਅ ਬਣਿਆ, ਪਰ ਭਾਰਤ ਨੇ ਲਗਾਤਾਰ ਕੋਸ਼ਿਸ਼ਾਂ ਨਾਲ ਕੱਚੇ ਤੇਲ ਅਤੇ ਐਲਪੀਜੀ ਦੀ ਸਪਲਾਈ ਜਾਰੀ ਰੱਖੀ।
ਸਪਲਾਈ ਨੂੰ ਮਜ਼ਬੂਤ ਬਣਾਉਣ ਲਈ ਘਰੇਲੂ ਐਲਪੀਜੀ ਉਤਪਾਦਨ ਨੂੰ 32 ਟੀਐਮਟੀ ਤੋਂ ਵਧਾ ਕੇ 52 ਟੀਐਮਟੀ ਤੱਕ ਕਰ ਦਿੱਤਾ ਗਿਆ। ਇਸਦੇ ਨਾਲ ਹੀ ਅਮਰੀਕਾ, ਕੈਨੇਡਾ ਅਤੇ ਅਲਜੀਰੀਆ ਵਰਗੇ ਦੇਸ਼ਾਂ ਤੋਂ ਵੀ ਐਲਪੀਜੀ ਦੀ ਖਰੀਦ ਵਧਾਈ ਗਈ।
ਸਰਕਾਰ ਨੇ ਇਹ ਵੀ ਦੱਸਿਆ ਕਿ ਘਰੇਲੂ ਗੈਸ ਦੀ ਦੁਰਵਰਤੋਂ ਰੋਕਣ ਲਈ ਓਟੀਪੀ ਆਧਾਰਿਤ ਡਿਲੀਵਰੀ ਤਸਦੀਕ ਨੂੰ 90 ਫ਼ੀਸਦੀ ਤੱਕ ਵਧਾਇਆ ਗਿਆ ਹੈ। ਪਿਛਲੇ ਵਿੱਤੀ ਸਾਲ ਦੇ ਅੰਤ ਤੱਕ ਘਰੇਲੂ ਐਲਪੀਜੀ ‘ਤੇ ਕੁੱਲ ਅੰਡਰ-ਰਿਕਵਰੀ 60,000 ਕਰੋੜ ਰੁਪਏ ਤੱਕ ਪਹੁੰਚ ਗਈ ਸੀ।
ਉੱਧਰ, ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਅਜੇ ਵੀ ਪ੍ਰਤੀ ਸਿਲੰਡਰ 300 ਰੁਪਏ ਦੀ ਸਬਸਿਡੀ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਦਿੱਤੀ ਜਾ ਰਹੀ ਹੈ। ਇਸ ਯੋਜਨਾ ਦਾ ਲਾਭ ਦੇਸ਼ ਭਰ ਵਿੱਚ 10.58 ਕਰੋੜ ਤੋਂ ਵੱਧ ਪਰਿਵਾਰ ਲੈ ਰਹੇ ਹਨ।














