International 28 May 2026 AJ DI Awaaj
International Desk : ਅਫ਼ਰੀਕੀ ਦੇਸ਼ ਕੇਨਿਆ ਵਿੱਚ ਇੱਕ ਦਰਦਨਾਕ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਕੇਨਿਆ ਦੇ ਗਿਲਗਿਲ ਖੇਤਰ ਵਿੱਚ ਸਥਿਤ ਇੱਕ ਗਰਲਜ਼ ਬੋਰਡਿੰਗ ਸਕੂਲ ਦੇ ਹੋਸਟਲ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 16 ਵਿਦਿਆਰਥਣਾਂ ਦੀ ਮੌ*ਤ ਹੋ ਗਈ, ਜਦਕਿ 70 ਤੋਂ ਵੱਧ ਬੱਚੀਆਂ ਜ਼*ਖਮੀ ਹੋ ਗਈਆਂ ਹਨ।
ਇਹ ਹਾਦਸਾ ਰਾਜਧਾਨੀ ਨੈਰੋਬੀ ਤੋਂ ਲਗਭਗ 120 ਕਿਲੋਮੀਟਰ ਦੂਰ ਸਥਿਤ ਉਤੁਮਿਸ਼ੀ ਗਰਲਜ਼ ਅਕੈਡਮੀ ਵਿੱਚ ਵਾਪਰਿਆ। ਜਾਣਕਾਰੀ ਮੁਤਾਬਕ ਰਾਤ ਕਰੀਬ 1 ਵਜੇ ਹੋਸਟਲ ਵਿੱਚ ਅਚਾਨਕ ਅੱਗ ਭੜਕ ਉੱਠੀ। ਉਸ ਸਮੇਂ 220 ਤੋਂ ਵੱਧ ਵਿਦਿਆਰਥਣਾਂ ਹੋਸਟਲ ਵਿੱਚ ਸੌ ਰਹੀਆਂ ਸਨ। ਅੱਗ ਨੇ ਕੁਝ ਹੀ ਮਿੰਟਾਂ ਵਿੱਚ ਪੂਰੇ ਹੋਸਟਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਜਾਨ ਬਚਾਉਣ ਲਈ ਕਈ ਵਿਦਿਆਰਥਣਾਂ ਨੇ ਉੱਪਰਲੀਆਂ ਮੰਜ਼ਿਲਾਂ ਤੋਂ ਛਾਲਾਂ ਮਾਰ ਦਿੱਤੀਆਂ। ਹਾਦਸੇ ਦੌਰਾਨ ਮੌਕੇ ‘ਤੇ ਹੜਕੰਪ ਮਚ ਗਿਆ ਅਤੇ ਕਈ ਬੱਚੀਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਇੱਕ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਸਦੀ ਰਿਸ਼ਤੇਦਾਰ ਬੱਚੀ ਦੀ ਜਾਨ ਤਾਂ ਬਚ ਗਈ, ਪਰ ਛਾਲ ਮਾਰਨ ਕਾਰਨ ਉਸਦੀ ਲੱਤ ਟੁੱਟ ਗਈ।
ਘਟਨਾ ਤੋਂ ਬਾਅਦ ਕੇਨਿਆ ਦੇ ਗ੍ਰਹਿ ਮੰਤਰੀ ਕਿਪਚੁੰਬਾ ਮੁਰਕੋਮਨ ਮੌਕੇ ‘ਤੇ ਪਹੁੰਚੇ ਅਤੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਜਾਂਚ ਪੂਰੀ ਹੋਣ ਤੱਕ ਧੀਰਜ ਬਣਾਈ ਰੱਖਣ ਦੀ ਅਪੀਲ ਕੀਤੀ।
ਪੁਲਿਸ ਨੇ ਮੌਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜ਼*ਖਮੀ ਵਿਦਿਆਰਥਣਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿੱਚ ਜਾਰੀ ਹੈ।
ਕੇਨਿਆ ਵਿੱਚ ਸਕੂਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਮਾਹਿਰਾਂ ਮੁਤਾਬਕ ਕਈ ਬੋਰਡਿੰਗ ਸਕੂਲਾਂ ਵਿੱਚ ਸੁਰੱਖਿਆ ਪ੍ਰਬੰਧ ਪੂਰੇ ਨਹੀਂ ਹੁੰਦੇ, ਜਿਸ ਕਾਰਨ ਅਜਿਹੇ ਹਾਦਸੇ ਵਾਰ-ਵਾਰ ਵਾਪਰਦੇ ਹਨ। ਇਸ ਘਟਨਾ ਨੇ ਇੱਕ ਵਾਰ ਫਿਰ ਸਕੂਲਾਂ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।














