ਚੋਣ ਆਬਜ਼ਰਵਰ ਨੇ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

4
ਰਾਜ ਚੋਣ ਕਮਿਸ਼ਨ ਦੀ ਹਿਦਾਇਤ ਤਹਿਤ ਪੋਲਿੰਗ ਬੂਥਾਂ ਦੀ ਵੀਡੀਓਗ੍ਰਾਫੀ ਯਕੀਨੀ ਕਰਨ ਲਈ ਕਿਹਾ
ਡੀ ਆਈ ਜੀ ਸਰਬਜੀਤ ਸਿੰਘ ਚੋਣਾਂ ਨਿਰਪੱਖ ਢੰਗ ਨਾਲ ਕਰਵਾਉਣ ਲਈ ਅਧਿਕਾਰੀਆਂ ਨੂੰ ਹਦਾਇਤਾਂ
ਚੋਣ ਅਮਲੇ ਨੂੰ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ, ਵੋਟਰਾਂ ਦੀ ਸਹੂਲਤ ਅਤੇ ਵੋਟਾਂ ਦੇ ਸ਼ਾਂਤੀਪੂਰਨ ਸੰਚਾਲਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ
ਰੂਪਨਗਰ, 24 ਮਈ 2026 Aj Di Awaaj 
Punjab Desk: ਚੋਣ ਅਬਜਰਵਰ ਸ. ਜਗਜੀਤ ਸਿੰਘ ਵੱਲੋਂ ਅੱਜ 26 ਮਈ 2026 ਨੂੰ ਜ਼ਿਲ੍ਹੇ ਵਿੱਚ ਹੋਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਸਬੰਧੀ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਰਾਜ ਚੋਣ ਕਮਿਸ਼ਨ ਦੀ ਹਿਦਾਇਤ ਤਹਿਤ ਪੋਲਿੰਗ ਬੂਥਾਂ ਦੀ ਵੀਡੀਓਗ੍ਰਾਫੀ ਯਕੀਨੀ ਕਰਨ ਲਈ ਕਿਹਾ।
ਮੀਟਿੰਗ ਦੌਰਾਨ ਚੋਣ ਅਬਜਰਵਰ ਸ. ਜਗਜੀਤ ਸਿੰਘ ਨੇ 05 ਨਗਰ ਕੌਂਸਲਾਂ ਰੂਪਨਗਰ, ਨੰਗਲ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਅਤੇ 01 ਨਗਰ ਪੰਚਾਇਤ ਕੀਰਤਪੁਰ ਸਾਹਿਬ ਲਈ ਅਧਿਕਾਰੀਆਂ ਨੂੰ ਚੋਣਾਂ ਨੂੰ ਪੂਰੀ ਤਰ੍ਹਾਂ ਨਿਰਪੱਖ, ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ।
ਚੋਣ ਅਬਜਰਵਰ ਨੇ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ‘ਤੇ ਪੂਰੇ ਪ੍ਰਬੰਧ ਕੀਤੇ ਜਾਣ। ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਉੱਤੇ ਵਿਸ਼ੇਸ਼ ਨਿਗਰਾਨੀ ਰੱਖਣ ਅਤੇ ਲੋੜ ਅਨੁਸਾਰ ਸੁਰੱਖਿਆ ਬਲ ਤਾਇਨਾਤ ਕਰਨ ਲਈ ਵੀ ਹਦਾਇਤਾਂ ਦਿੱਤੀਆਂ ਗਈਆਂ।
ਮੀਟਿੰਗ ਦੌਰਾਨ ਵੋਟਾਂ ਦੀ ਗਿਣਤੀ ਸਬੰਧੀ ਪ੍ਰਬੰਧਾਂ, ਕਾਊਂਟਿੰਗ ਕੇਂਦਰਾਂ ਦੀ ਸੁਰੱਖਿਆ, ਸੀਸੀਟੀਵੀ ਨਿਗਰਾਨੀ, ਵੀਡੀਓਗ੍ਰਾਫੀ ਅਤੇ ਕਾਊਂਟਿੰਗ ਹਾਲਾਂ ਵਿੱਚ ਲਾਗੂ ਕੀਤੇ ਜਾਣ ਵਾਲੇ ਸੁਰੱਖਿਆ ਮਾਪਦੰਡਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕਾਊਂਟਿੰਗ ਸਥਲਾਂ ‘ਤੇ ਲਗਾਤਾਰ ਸੀਸੀਟੀਵੀ ਨਿਗਰਾਨੀ ਯਕੀਨੀ ਬਣਾਈ ਜਾਵੇ ਅਤੇ ਸਾਰੇ ਰਿਕਾਰਡ ਨੂੰ ਸੁਰੱਖਿਅਤ ਢੰਗ ਨਾਲ ਸੰਭਾਲਿਆ ਜਾਵੇ।
ਸ. ਜਗਜੀਤ ਸਿੰਘ ਨੇ ਕਿਹਾ ਕਿ ਕਾਊਂਟਿੰਗ ਕੇਂਦਰਾਂ ਬਾਰੇ ਉਮੀਦਵਾਰਾਂ ਨੂੰ ਸਮੇਂ ਸਿਰ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਚੋਣਾਂ ਸਬੰਧੀ ਪ੍ਰੈੱਸ ਪਾਸ ਜਾਰੀ ਕਰਨ, ਚੋਣ ਕਮਿਸ਼ਨ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਵੱਖ-ਵੱਖ ਆਰਓਜ਼ ਤੋਂ ਲੋੜੀਂਦੀ ਜਾਣਕਾਰੀ ਇਕੱਠੀ ਕਰਕੇ ਇਕਸਾਰ ਪ੍ਰਬੰਧ ਬਣਾਈ ਰੱਖਣ ਦੇ ਨਿਰਦੇਸ਼ ਵੀ ਦਿੱਤੇ।
ਮੀਟਿੰਗ ਦੌਰਾਨ ਪੋਲਿੰਗ ਪਾਰਟੀਆਂ ਨੂੰ ਸਮੇਂ ਸਿਰ ਰਵਾਨਾ ਕਰਨ, ਪੋਲਿੰਗ ਸਟਾਫ਼ ਦੀ ਡਿਊਟੀ ਲਗਾਉਣ, ਵੋਟਿੰਗ ਸਮੱਗਰੀ ਦੀ ਉਪਲਬਧਤਾ, ਆਵਾਜਾਈ ਪ੍ਰਬੰਧ, ਸੁਰੱਖਿਆ ਪ੍ਰਬੰਧਾਂ ਅਤੇ ਚੋਣ ਡਿਊਟੀਆਂ ਦੀ ਵੰਡ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਲੋੜ ਅਨੁਸਾਰ ਵ੍ਹੀਲਚੇਅਰਾਂ ਦੀ ਉਪਲਬਧਤਾ ਯਕੀਨੀ ਬਣਾਉਣ ਅਤੇ ਚੋਣ ਪ੍ਰਕਿਰਿਆ ਨਾਲ ਸੰਬੰਧਤ ਰਿਕਾਰਡ ਨਿਰਧਾਰਤ ਸਮੇਂ ਤੱਕ ਸੰਭਾਲ ਕੇ ਰੱਖਣ ਦੇ ਨਿਰਦੇਸ਼ ਵੀ ਦਿੱਤੇ ਗਏ।
ਚੋਣ ਆਬਜ਼ਰਵਰ ਨੇ ਆਰਓਜ਼ ਅਤੇ ਏਆਰਓਜ਼ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੋਟਰਾਂ ਨੂੰ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਅਨੁਕੂਲ ਮਾਹੌਲ ਪ੍ਰਦਾਨ ਕੀਤਾ ਜਾਵੇ ਅਤੇ ਚੋਣ ਪ੍ਰਕਿਰਿਆ ਦੌਰਾਨ ਹਰ ਗਤੀਵਿਧੀ ‘ਤੇ ਨਿਗਰਾਨੀ ਬਣਾਈ ਰੱਖੀ ਜਾਵੇ।
ਮੀਟਿੰਗ ਵਿੱਚ ਚੋਣਾਂ ਨੂੰ ਸਫਲਤਾਪੂਰਵਕ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵੱਖ-ਵੱਖ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਵੀ ਤੈਅ ਕੀਤੀਆਂ ਗਈਆਂ।
ਇਸ ਮੌਕੇ ਡੀ ਆਈ ਜੀ ਸ. ਸਰਬਜੀਤ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਕਾਊਂਟਿੰਗ ਕੇਂਦਰਾਂ ਦੀ ਸੁਰੱਖਿਆ, ਸੁਰੱਖਿਆ ਕਰਮਚਾਰੀਆਂ ਦੀ ਯੋਗ ਤਾਇਨਾਤੀ ਕਰਨ ਅਤੇ ਪ੍ਰਵੇਸ਼ ਦੁਆਰਾਂ ਤੇ ਚੈਕ ਪੁਆਇੰਟਾਂ ‘ਤੇ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ। ਇਸ ਤੋਂ ਇਲਾਵਾ ਸਟਰਾਂਗ ਰੂਮਾਂ ਦੀ ਸੁਰੱਖਿਆ ਅਤੇ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ।
ਜ਼ਿਕਰਯੋਗ ਹੈ ਕਿ 26 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 29 ਮਈ ਨੂੰ ਨਿਰਧਾਰਤ ਗਿਣਤੀ ਕੇਂਦਰਾਂ ‘ਤੇ ਕੀਤੀ ਜਾਵੇਗੀ।
ਨਗਰ ਨਿਗਮ/ਨਗਰ ਕੌਸਲ/ਨਗਰ ਪੰਚਾਇਤ ਚੋਣਾਂ 2026 ਦੇ ਮੱਦੇਨਜ਼ਰ ਉਮੀਦਵਾਰ ਅਤੇ ਆਮ ਜਨਤਾ ਚੋਣ ਅਬਜਰਵਰ ਸ. ਜਗਜੀਤ ਸਿੰਘ ਨਾਲ ਚੋਣਾਂ ਸਬੰਧੀ ਮਾਮਲੇ ਲਈ ਮੋਬਾਇਲ ਨੰਬਰ 90417-00221 ਅਤੇ 97791 41490 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ (ਜ) ਪ੍ਰਦੀਪ ਸਿੰਘ ਬੈਂਸ, ਆਰਟੀਓ ਰਾਜਪਾਲ ਸਿੰਘ ਸੇਖੋਂ, ਐਸਡੀਐਮ ਰੂਪਨਗਰ ਜਸਪ੍ਰੀਤ ਸਿੰਘ, ਐਸਡੀਐਮ ਮੋਰਿੰਡਾ ਚੇਤਨ ਬੰਗੜ, ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਸੁਖਪਾਲ ਸਿੰਘ, ਸਮੂਹ ਰਿਟਰਨਿੰਗ ਅਫਸਰ (ਆਰਓਜ਼), ਸਮੂਹ ਸਹਾਇਕ ਰਿਟਰਨਿੰਗ ਅਫਸਰ (ਏਆਰਓਜ਼), ਸਮੂਹ ਡੀਐਸਪੀਜ਼ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।