ਬਲੱਡ ਪ੍ਰੈਸ਼ਰ ਨੂੰ ਕਾਬੂ ਰੱਖੋ ਅਤੇ ਲੰਮੇ ਸਮੇਂ ਤੱਕ ਜ਼ਿੰਦਗੀ ਜੀਵੋ

34

ਬਰਨਾਲਾ, 18 ਮਈ 2026 AJ DI Awaaj

Punjab Desk :  ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਬਰਨਾਲਾ ਦੀਆਂ ਸਿਹਤ ਸੰਸਥਾਵਾਂ ਵਿਖੇ ਵਿਸ਼ਵ ਹਾਈਪਰਟੈਂਨਸ਼ਨ ਦਿਵਸ ਮਨਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਸਕੇ ਕਿ ਕਿਵੇਂ ਅਸੀਂ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖ ਕੇ ਲੰਮੀ ਜ਼ਿੰਦਗੀ ਜਿਓਂ ਸਕਦੇ ਹਾਂ।
ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਹਰੀ ਪਾਲ ਸਿੰਘ ਸਿੱਧੂ ਵੱਲੋਂ ਕੀਤਾ ਗਿਆ ।
ਡਾ. ਪ੍ਰਵੇਸ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਇੰਦੂ ਬਾਂਸਲ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਬਰਨਾਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਹਾਈਪਰਟੈਂਨਸ਼ਨ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਮੁੱਖ ਕਾਰਨ ਹੈ ਜਿਵੇਂ ਕਿ ਸਟ੍ਰੋਕ, ਦਿਲ ਦੇ ਦੌਰੇ, ਗੁਰਦੇ ਦੀ ਬਿਮਾਰੀ, ਦਿਮਾਗੀ ਕਮਜ਼ੋਰੀ। ਬਹੁਤ ਸਾਰੇ ਲੋਕ ਜੋ ਹਾਈਪਰਟੈਂਨਸ਼ਨ ਤੋਂ ਪੀੜਤ ਹੁੰਦੇ ਹਨ, ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਇਸ ਬਿਮਾਰੀ ਨਾਲ ਗ੍ਰਸਤ ਹਨ ਕਿਉਂਕਿ ਕਈ ਵਾਰ ਇਸ ਦਾ ਕੋਈ ਵੀ ਲੱਛਣ ਨਹੀਂ ਹੁੰਦਾ। ਅਕਸਰ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹੀ ਇਸ ਬਿਮਾਰੀ ਬਾਰੇ ਪਤਾ ਲੱਗਦਾ ਹੈ।
ਡਾ. ਦੀਪਲੇਖ ਸਿੰਘ ਬਾਜਵਾ ਐਮ ਡੀ ਮੈਡੀਸਨ ਸਿਵਲ ਹਸਪਤਾਲ ਬਰਨਾਲਾ ਨੇ ਦੱਸਿਆ ਕਿ ਕਾਰਡੀਓਵੈਸਕੁਲਰ ਬਿਮਾਰੀਆਂ ਜਿਵੇਂ ਕਿ ਕੋਰੋਨਰੀ ਦਿਲ ਦੀ ਬਿਮਾਰੀ, ਗੁਰਦਿਆਂ ਦਾ ਫੇਲ ਹੋਣਾ, ਦਿਮਾਗੀ ਕਮਜ਼ੋਰੀ ਦਾ ਕਾਰਨ ਬਣਦਾ ਹੈ। ਹਾਈਪਰਟੈਂਨਸ਼ਨ ਭਾਰਤ ਵਿੱਚ ਇੱਕ ਵੱਧ ਰਹੀ ਸਮੱਸਿਆ ਹੈ। ਇਸਦਾ ਕੋਈ ਇਲਾਜ ਨਹੀਂ ਹੈ, ਦਵਾਈਆਂ ਦੀ ਵਰਤੋਂ ਅਤੇ ਜੀਵਨਸ਼ੈਲੀ ਵਿੱਚ ਤਬਦੀਲੀਆਂ ਕਰਨ ਨਾਲ ਦਿਲ ਦੀ ਬਿਮਾਰੀ, ਸਟ੍ਰੋਕ, ਗੁਰਦੇ ਦੀ ਬਿਮਾਰੀ ਅਤੇ ਹੋਰ ਜ਼ੋਖਮਾਂ ਨੂੰ ਘਟਾਇਆ ਜਾ ਸਕਦਾ ਹੈ।
ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਬਲਰਾਜ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ ਸੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਖੁਰਾਕ ਵਿੱਚ ਲੂਣ, ਚੀਨੀ, ਘਿਓ,ਤੇਲ ਦੀ ਵਰਤੋਂ ਘਟਾ ਕੇ ਤੰਬਾਕੂ ਪਦਾਰਥਾਂ ਅਤੇ ਹੋਰ ਨਸ਼ਿਆਂ ਦੇ ਸੇਵਨ ਤੋਂ ਪ੍ਰਹੇਜ਼ ਕਰਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।
ਇਸੇ ਤਰ੍ਹਾਂ ਸੀ.ਐਚ.ਸੀ ਮਹਿਲ ਕਲਾਂ ਦੇ ਐਸ.ਐਮ.ਓ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਸੀ ਐਚ ਸੀ ਮਹਿਲ ਕਲਾਂ ਵਿਖੇ ਵਿਸ਼ਵ ਹਾਈਪਰਟੈਂਨਸ਼ਨ ਦਿਵਸ ਮੌਕੇ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਡਾ. ਅਮਿ੍ਤਪਾਲ ਕੌਰ ਨੇ ਦੱਸਿਆ ਕਿ ਦੇਸ਼ ਵਿਚ ਹਰੇਕ 4 ਵਿੱਚੋ 1 ਵਿਅਕਤੀ ਹਾਈਪਰਟੈਂਨਸ਼ਨ ਭਾਵ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ। ਦੇਸ਼ ਵਿਚ ਕੁੱਲ ਮੌਤਾਂ ਵਿਚੋਂ ਲਗਭਗ 63% ਗੈਰ-ਸੰਚਾਰੀ ਰੋਗਾਂ ਨਾਲ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਹਾਈਪਰਟੈਂਨਸ਼ਨ ਮੁੱਖ ਹੈ।
ਇਸ ਸਿਲਸਿਲੇ ਵਿੱਚ ਬਲਾਕ ਧਨੌਲਾ ਦੇ ਕਰਮਗੜ੍ਹ ਸਥਿਤ ਆਯੂਸ਼ਮਾਨ ਅਰੋਗਿਆ ਕੇਂਦਰ ਦੀ ਟੀਮ ਵੱਲੋਂ ਵੀ ਪਿੰਡ ਵਿੱਚ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਦੌਰਾਨ ਲੋਕਾਂ ਵਿਚ ਗ਼ੈਰ ਸੰਚਾਰੀ ਬਿਮਾਰੀਆਂ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਗਈ।
ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਨਾ ਸਿਰਫ਼ ਲੋਕਾਂ ਦੇ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਗਈ ਸਗੋਂ ਉਹਨਾਂ ਨੂੰ ਹਾਈਪਰਟੈਨਸ਼ਨ ਰੋਗ ਤੋਂ ਬਚਾਅ ਬਾਰੇ ਵੀ ਜਾਗਰੂਕ ਕੀਤਾ ਗਿਆ।