ਪੀਐਮ ਦੀ ਅਪੀਲ ਦੇ ਬਾਵਜੂਦ ਚੰਡੀਗੜ੍ਹ ਦਾ ਸਰਾਫਾ ਬਾਜ਼ਾਰ ਰੌਣਕਾਂ ਨਾਲ ਭਰਿਆ, ਪੁਰਾਣਾ ਸੋਨਾ ਐਕਸਚੇਂਜ ਕਰਨ ਦਾ ਵਧਿਆ ਰੁਝਾਨ

3

18 May 2026 Aj Di Awaaj

Chandigarh Desk: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਵੀ ਚੰਡੀਗੜ੍ਹ ਦੇ ਸਰਾਫਾ ਬਾਜ਼ਾਰ ਵਿੱਚ ਰੌਣਕ ਮੁੜ ਵਾਪਸ ਆਉਂਦੀ ਨਜ਼ਰ ਆ ਰਹੀ ਹੈ। ਸ਼ਹਿਰ ਵਿੱਚ ਪੁਰਾਣੇ ਸੋਨੇ ਦੇ ਬਦਲੇ ਨਵੇਂ ਗਹਿਣੇ ਬਣਵਾਉਣ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਪਿਛਲੇ ਤਿੰਨ ਦਿਨਾਂ ਦੌਰਾਨ ਇਸਦਾ ਅਸਰ ਜੁਐਲਰੀ ਮਾਰਕੀਟ ਵਿੱਚ ਸਾਫ਼ ਤੌਰ ’ਤੇ ਵੇਖਣ ਨੂੰ ਮਿਲਿਆ ਹੈ।

ਸੈਕਟਰ-22, ਸੈਕਟਰ-17, ਸੈਕਟਰ-35 ਅਤੇ ਮਨੀਮਾਜਰਾ ਸਥਿਤ ਜੁਐਲਰੀ ਸ਼ੋਰੂਮਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਪਣੇ ਪੁਰਾਣੇ ਜਾਂ ਪੁਸ਼ਤੈਨੀ ਗਹਿਣੇ ਲੈ ਕੇ ਨਵੇਂ ਡਿਜ਼ਾਈਨਾਂ ਵਾਲੇ ਗਹਿਣੇ ਬਣਵਾਉਣ ਲਈ ਪਹੁੰਚ ਰਹੇ ਹਨ। ਜੁਐਲਰਾਂ ਦੇ ਅਨੁਸਾਰ ਗਾਹਕ ਹੁਣ ਨਵਾਂ ਸੋਨਾ ਖਰੀਦਣ ਦੀ ਬਜਾਏ ਪੁਰਾਣੇ ਸੋਨੇ ਨੂੰ ਐਕਸਚੇਂਜ ਕਰਵਾਉਣ ਵਿੱਚ ਵਧੇਰੇ ਦਿਲਚਸਪੀ ਦਿਖਾ ਰਹੇ ਹਨ। ਇਸ ਦੀ ਵੱਡੀ ਵਜ੍ਹਾ ਪੁਰਾਣੇ ਸੋਨੇ ’ਤੇ ਮਿਲ ਰਹੀ 100 ਫੀਸਦੀ ਐਕਸਚੇਂਜ ਵੈਲਿਊ ਹੈ।

ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਾਲਾਂ ਤੋਂ ਲਾਕਰਾਂ ਵਿੱਚ ਪਿਆ ਪੁਸ਼ਤੈਨੀ ਸੋਨਾ ਹੁਣ ਮੁੜ ਮਾਰਕੀਟ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ। ਇਸ ਨਾਲ ਨਾ ਸਿਰਫ਼ ਸਰਾਫਾ ਕਾਰੋਬਾਰ ਨੂੰ ਫਾਇਦਾ ਹੋ ਰਿਹਾ ਹੈ, ਸਗੋਂ ਸੋਨੇ ਦੇ ਕਾਰੀਗਰਾਂ, ਪੈਕੇਜਿੰਗ ਉਦਯੋਗ ਅਤੇ ਮਾਰਕੀਟਿੰਗ ਸੈਕਟਰ ਨੂੰ ਵੀ ਵੱਡਾ ਸਹਾਰਾ ਮਿਲ ਰਿਹਾ ਹੈ।

ਚੰਡੀਗੜ੍ਹ ਜੁਐਲਰਜ਼ ਐਸੋਸੀਏਸ਼ਨ ਦੇ ਮੁਤਾਬਕ ਨਵੇਂ ਗਹਿਣਿਆਂ ਦੇ ਆਰਡਰ ਵਧਣ ਨਾਲ ਸਥਾਨਕ ਵਰਕਸ਼ਾਪਾਂ ਵਿੱਚ ਕੰਮਕਾਜ ਤੇਜ਼ ਹੋ ਗਿਆ ਹੈ। ਕਾਫੀ ਸਮੇਂ ਤੋਂ ਮੰਦੀ ਦਾ ਸਾਹਮਣਾ ਕਰ ਰਹੀਆਂ ਕਾਰੀਗਰੀ ਯੂਨਿਟਾਂ ਵਿੱਚ ਹੁਣ ਮੁੜ ਰੌਣਕ ਵਾਪਸੀ ਦੀ ਉਮੀਦ ਜਤਾਈ ਜਾ ਰਹੀ ਹੈ।

ਇਸਦੇ ਨਾਲ ਹੀ ਇੰਡਸਟਰੀਅਲ ਏਰੀਆ ਵਿੱਚ ਸਥਿਤ ਪੈਕੇਜਿੰਗ ਅਤੇ ਬਾਕਸ ਮੈਨੂਫੈਕਚਰਿੰਗ ਯੂਨਿਟਾਂ ਨੂੰ ਵੀ ਇਸ ਟ੍ਰੈਂਡ ਦਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ। ਜੁਐਲਰੀ ਪੈਕੇਜਿੰਗ ਲਈ ਪ੍ਰੀਮੀਅਮ ਗਿਫਟ ਬਾਕਸ, ਵੈਲਵੈਟ ਪਾਊਚ ਅਤੇ ਡਿਜ਼ਾਈਨਰ ਕੈਰੀ ਬੈਗਾਂ ਦੀ ਮੰਗ ਵਧਣ ਦੀ ਸੰਭਾਵਨਾ ਹੈ।

ਮਾਹਿਰਾਂ ਦੇ ਅਨੁਸਾਰ ਚੰਡੀਗੜ੍ਹ ਵਿੱਚ ਕਰੀਬ 20 ਤੋਂ 30 ਟਨ ਪੁਰਾਣਾ ਸੋਨਾ ਮੌਜੂਦ ਹੈ। ਸ਼ਹਿਰ ਦੀ ਲਗਭਗ 12 ਤੋਂ 13 ਲੱਖ ਦੀ ਆਬਾਦੀ ਅਤੇ ਹਰ ਪਰਿਵਾਰ ਕੋਲ ਔਸਤ 80 ਤੋਂ 100 ਗ੍ਰਾਮ ਸੋਨੇ ਦੇ ਅੰਦਾਜ਼ੇ ਅਧਾਰ ’ਤੇ ਇਹ ਅੰਕੜਾ ਕਾਫੀ ਵੱਡਾ ਬਣਦਾ ਹੈ। ਇਸ ਵਿੱਚ ਪੁਸ਼ਤੈਨੀ ਗਹਿਣੇ, ਸਿੱਕੇ ਅਤੇ ਪੁਰਾਣੇ ਆਭੂਸ਼ਣ ਸ਼ਾਮਲ ਹਨ।

ਕਾਰੋਬਾਰੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੇ ਲੋਕ ਹਮੇਸ਼ਾਂ ਮਾਡਰਨ ਅਤੇ ਟ੍ਰੈਂਡੀ ਜੁਐਲਰੀ ਨੂੰ ਤਰਜੀਹ ਦਿੰਦੇ ਹਨ। ਇਸ ਕਰਕੇ ਹੁਣ ਲੋਕ ਭਾਰੀ ਅਤੇ ਪੁਰਾਣੇ ਡਿਜ਼ਾਈਨਾਂ ਵਾਲੇ ਗਹਿਣਿਆਂ ਦੀ ਥਾਂ ਹਲਕੇ ਅਤੇ ਐਂਟੀਕ ਡਿਜ਼ਾਈਨ ਵਾਲੇ ਗਹਿਣੇ ਤਿਆਰ ਕਰਵਾ ਰਹੇ ਹਨ, ਜਿਸ ਨਾਲ ਬਾਜ਼ਾਰ ਵਿੱਚ ਨਵੀਂ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।