ਫਾਜ਼ਿਲਕਾ 11 May 2026 AJ DI Awaaj
Punjab Desk : ਅਬੋਹਰ ਵਿੱਚ ਇੱਕ ਏਐਸਆਈ ਨਸ਼ੀਲੇ ਪਦਾਰਥ ਖਰੀਦਣ ਦੇ ਦੋਸ਼ਾਂ ਕਾਰਨ ਵਿਵਾਦਾਂ ਵਿੱਚ ਘਿਰ ਗਿਆ ਹੈ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਮੁਅੱਤਲ ਕਰ ਦਿੱਤਾ ਹੈ।
ਵਾਇਰਲ ਵੀਡੀਓ ਵਿੱਚ ਏਐਸਆਈ ਡਾਇਲ-112 ਗਸ਼ਤੀ ਵਾਹਨ ਵਿੱਚ ਬੈਠਿਆ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਦੋ ਨੌਜਵਾਨ ਮੋਟਰਸਾਈਕਲ ‘ਤੇ ਆਉਂਦੇ ਹਨ, ਕੁਝ ਗੱਲਬਾਤ ਕਰਨ ਤੋਂ ਬਾਅਦ 500 ਰੁਪਏ ਲੈਂਦੇ ਹਨ ਅਤੇ ਉਸਨੂੰ ਇੱਕ ਪੈਕਟ ਸੌਂਪਦੇ ਨਜ਼ਰ ਆ ਰਹੇ ਹਨ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਹ ‘ਚਿੱ*ਟਾ’ ਸੀ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਹਜੇ ਨਹੀਂ ਹੋਈ।
ਮਾਮਲੇ ‘ਤੇ ਐਸਪੀ ਅਸ਼ਵੰਤ ਸਿੰਘ ਨੇ ਦੱਸਿਆ ਕਿ ਵਾਇਰਲ ਵੀਡੀਓ 4-5 ਦਿਨ ਪੁਰਾਣੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਅਬੋਹਰ ਸਿਟੀ-1 ਖੇਤਰ ਵਿੱਚ ਤਾਇਨਾਤ ਏਐਸਆਈ ਬਲਵਿੰਦਰ ਸਿੰਘ ਨੇ ਜਸ਼ਨ ਨਾਮਕ ਨੌਜਵਾਨ ਨਾਲ ਸੰਪਰਕ ਕੀਤਾ ਸੀ ਅਤੇ ਉਸ ਤੋਂ 500 ਰੁਪਏ ਵਿੱਚ ਨ*ਸ਼ੀਲਾ ਪਦਾਰਥ ਖਰੀਦਿਆ।
ਪੁਲਿਸ ਨੇ ਜਾਂਚ ਤੋਂ ਬਾਅਦ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਹੈ। ਇੱਕ ਨੌਜਵਾਨ ਜਸ਼ਨ ਦੀ ਪਛਾਣ ਕਰ ਲਈ ਗਈ ਹੈ, ਜਦਕਿ ਦੂਜੇ ਦੀ ਭਾਲ ਜਾਰੀ ਹੈ।
ਐਸਪੀ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।














