ਬਠਿੰਡਾ 01 May 2026 AJ DI Awaaj
Punjab Desk : ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਟੋਲ ਪਲਾਜ਼ਾ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਪ੍ਰਦਰਸ਼ਨ ਹੁਣ ਵੱਡੇ ਅੰਦੋਲਨ ਵਿੱਚ ਤਬਦੀਲ ਹੋ ਗਿਆ ਹੈ। ਕਰਮਚਾਰੀਆਂ ਦੇ ਰੋਸ ਕਾਰਨ ਇਲਾਕੇ ਦੇ ਲਗਭਗ 8 ਟੋਲ ਪਲਾਜ਼ਿਆਂ ‘ਤੇ ਵਾਹਨਾਂ ਦੀ ਆਵਾਜਾਈ ਮੁਫ਼ਤ ਕਰ ਦਿੱਤੀ ਗਈ ਹੈ।
ਕਰਮਚਾਰੀਆਂ ਦਾ ਦੋਸ਼ ਹੈ ਕਿ ਉਨ੍ਹਾਂ ਤੋਂ ਰੋਜ਼ਾਨਾ 12 ਤੋਂ 14 ਘੰਟੇ ਕੰਮ ਲਿਆ ਜਾਂਦਾ ਹੈ, ਪਰ ਨਾ ਹੀ ਢੰਗ ਦੀ ਤਨਖਾਹ ਦਿੱਤੀ ਜਾਂਦੀ ਹੈ ਅਤੇ ਨਾ ਹੀ ਸਮੇਂ ‘ਤੇ ਭੁਗਤਾਨ ਹੁੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਕਰਮਚਾਰੀ ਤੋਂ ਤਿੰਨ ਲੋਕਾਂ ਜਿਤਨਾ ਕੰਮ ਲਿਆ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ‘ਤੇ ਬੇਹੱਦ ਦਬਾਅ ਬਣ ਰਿਹਾ ਹੈ।
ਵਧਦੇ ਗੁੱਸੇ ਦੇ ਮੱਦੇਨਜ਼ਰ ਕਰਮਚਾਰੀਆਂ ਨੇ ਇਕੱਠੇ ਹੋ ਕੇ ਪ੍ਰਬੰਧਕਾਂ ਅਤੇ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਹੜਤਾਲ ਜਾਰੀ ਰਹੇਗੀ।
ਮੌਜੂਦਾ ਹਾਲਾਤਾਂ ਵਿੱਚ ਟੋਲ ਪਲਾਜ਼ਿਆਂ ਦੇ ਫ੍ਰੀ ਹੋਣ ਨਾਲ ਯਾਤਰੀਆਂ ਨੂੰ ਅਸਥਾਈ ਰਾਹਤ ਮਿਲ ਰਹੀ ਹੈ, ਪਰ ਇਹ ਸਥਿਤੀ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਜਲਦੀ ਹੱਲ ਨਾ ਨਿਕਲਿਆ, ਤਾਂ ਇਹ ਅੰਦੋਲਨ ਪੂਰੇ ਪੰਜਾਬ ਵਿੱਚ ਫੈਲ ਸਕਦਾ ਹੈ, ਜਿਸ ਨਾਲ ਸੜਕ ਆਵਾਜਾਈ ਅਤੇ ਆਰਥਿਕ ਪ੍ਰਣਾਲੀ ‘ਤੇ ਅਸਰ ਪੈ ਸਕਦਾ ਹੈ।














