ਫਲਾਂ ਅਤੇ ਸਬਜ਼ੀਆਂ ਦੀ ਸਾਂਭ ਸੰਭਾਲ ਸਬੰਧੀ ਸਿਖਲਾਈ ਕੋਰਸ ਦਾ ਆਯੋਜਨ

37

ਫਰੀਦਕੋਟ, 24 ਅਪ੍ਰੈਲ 2026 AJ DI Awaaj

Punjab Desk :  ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਵਿਖੇ ਮਿਤੀ 20 ਅਪ੍ਰੈਲ ਤੋਂ 24 ਅਪ੍ਰੈਲ 2026 ਤੱਕ 5 ਦਿਨਾਂ ਦਾ ‘ਮੌਸਮੀ ਫਲਾਂ ਅਤੇ ਸਬਜ਼ੀਆਂ ਦੀ ਸਾਂਭ ਸੰਭਾਲ’ ਸਬੰਧੀ ਸਿਖਲਾਈ ਕੋਰਸ ਲਗਾਇਆ ਗਿਆ। ਇਸ ਕੋਰਸ ਵਿੱਚ ਪਿੰਡ ਡੱਲੇਵਾਲਾ, ਢਾਬ ਸ਼ੇਰ ਸਿੰਘ, ਕੋਟਕਪੂਰਾ ਅਤੇ ਫਰੀਦਕੋਟ ਤੋਂ ਲੜਕੀਆਂ, ਔਰਤਾਂ ਅਤੇ ਕਿਸਾਨਾਂ ਨੇ ਭਾਗ ਲਿਆ।

ਇਸ ਮੌਕੇ ਡਾ. ਕਰਮਜੀਤ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਸਿਖਿਆਰਥੀਆਂ ਨੂੰ ਕੇ. ਵੀ. ਕੇ. ਫਰੀਦਕੋਟ ਵਿਖੇ ਲੱਗਣ ਵਾਲੇ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਦਿੱਤੀ ।ਉਹਨਾਂ ਨੇ ਇਸ ਕੋਰਸ ਦੌਰਾਨ ਫਲਾਂ ਅਤੇ ਸਬਜ਼ੀਆਂ ਦੀ ਸਾਂਭ ਸੰਭਾਲ ਦੀ ਮਹੱਤਤਾ ਅਤੇ ਇਸ ਤੋਂ ਤਿਆਰ ਹੋਣ ਵਾਲੇ ਵੱਖ-ਵੱਖ ਪਦਾਰਥਾਂ ਬਾਰੇ ਜਾਣਕਾਰੀ ਦਿੱਤੀ।ਉਹਨਾਂ ਨੇ ਦੱਸਿਆ ਕਿ ਮੌਸਮ ਦੌਰਾਨ ਫਲਾਂ ਅਤੇ ਸਬਜ਼ੀਆਂ ਦੇ ਮੁੱਲ ਘੱਟ ਹੋਣ ਕਾਰਨ ਉਸ ਸਮੇਂ ਉਹਨਾਂ ਦੇ ਆਚਾਰ, ਚਟਣੀਆਂ, ਸੁਕੈਸ਼, ਜੈਮ, ਮੁਰੱਬਾ ਆਦਿ ਬਣਾ ਕੇ ਲੰਮੇ ਸਮੇਂ ਤੱਕ ਖਰਾਬ ਹੋਣ ਤੋਂ ਬਚਾਅ ਸਕਦੇ ਹਾਂ। ਉਹਨਾਂ ਨੇ ਇਸ ਧੰਦੇ ਨੂੰ ਆਮਦਨ ਵਧਾਉਣ ਦੇ ਵਸੀਲੇ ਵਜੋਂ ਅਪਨਾਉਣ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਇਹ ਇੱਕ ਬਹੁਤ ਹੀ ਲਾਹੇਵੰਦ ਧੰਦਾ ਹੈ ਅਤੇ ਇਸ ਨੂੰ ਘਰ ਤੋਂ ਹੀ ਬਹੁਤ ਘੱਟ ਖਰਚੇ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ । ਡਾ. ਕਰਮਜੀਤ ਕੌਰ ਅਤੇ ਮੈਡਮ ਨਵਦੀਪ ਕੌਰ ਨੇ ਮੌਸਮੀ ਫਲਾਂ ਤੇ ਸਬਜ਼ੀਆਂ ਤੋਂ ਵੱਖ-ਵੱਖ ਉਤਪਾਦ ਤਿਆਰ ਕਰਨੇ ਸਿਖਾਏ। ਅੰਬ ਦਾ ਸੀਜ਼ਨ ਹੋਣ ਕਰਕੇ ਇਸ ਤੋਂ ਵੱਖ-ਵੱਖ ਉਤਪਾਦ ਜਿਸ ਤਰ੍ਹਾਂ ਮੈਂਗੋ ਫਰੂਟੀ, ਅੰਬ ਦੀ ਚਟਣੀ, ਅੰਬ ਦਾ ਆਚਾਰ, ਤਿਆਰ ਕਰਵਾਏ ਗਏ।ਇਸ ਤੋਂ ਇਲਾਵਾ ਫ਼ਲਾਂ ਦਾ ਜੈਮ, ਜਲ-ਜ਼ੀਰਾ, ਗੁਲਾਬ ਦਾ ਸ਼ਰਬਤ, ਟਮਾਟਰ ਕੈੱਚਅਪ, ਸਬਜ਼ੀਆਂ ਦੇ ਆਚਾਰ ਆਦਿ ਬਣਾਉਣ ਦੀ ਸਿਖਲਾਈ ਦਿੱਤੀ ਗਈ।

ਡਾ. ਰਾਕੇਸ਼ ਕੁਮਾਰ, ਇੰਚਾਰਜ ਕੇ.ਵੀ.ਕੇ.ਫਰੀਦਕੋਟ ਵੱਲੋਂ ਸਿਖਿਆਰਥੀਆਂ ਨੂੰ ਸਿਖਲਾਈ ਉਪਰੰਤ ਕਿੱਤਾ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਕੇ.ਵੀ.ਕੇ ਵੱਲੋਂ ਹਰ ਸੰਭਵ ਸਹਾਇਤਾ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਸਿਖਿਆਰਥੀਆਂ ਨੇ ਬਹੁਤ ਦਿਲਚਸਪੀ ਅਤੇ ਉਤਸ਼ਾਹ ਨਾਲ ਸਿਖਲਾਈ ਲਈ ਅਤੇ ਇਸ ਨੂੰ ਘਰੇਲੂ ਪੱਧਰ ਤੇ ਅਪਣਾਉਣ ਦਾ ਭਰੋਸਾ ਦਿਵਾਇਆ।