ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਬਣਵਾਉਣ ਦਾ ਸਿਲਸਿਲਾ ਜਾਰੀ

16
ਧਨੌਲਾ, 11 ਅਪ੍ਰੈਲ 2026 AJ DI Awaaj
Punjab Desk :  ਸਿਵਲ ਸਰਜਨ ਬਰਨਾਲਾ ਡਾ.ਹਰੀਪਾਲ ਸਿੰਘ ਸਿੱਧੂ ਦੇ ਹੁਕਮਾਂ ਅਨੁਸਾਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮਿੰਦਰ ਕੌਰ ਔਜਲਾ ਦੀ ਯੋਗ ਅਗਵਾਈ ਹੇਠ ਬਲਾਕ ਧਨੌਲਾ ਦੀ ਸਿਹਤ ਵਿਭਾਗ ਦੀ ਟੀਮ ਵੱਲੋਂ ਸਾਰੇ ਯੋਗ ਲਾਭਪਾਤਰੀਆਂ ਦੇ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਬਣਵਾਉਣ ਦਾ ਸਿਲਸਿਲਾ ਨਿਰਵਿਘਨ ਜਾਰੀ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ਯੋਜਨਾ ਦਾ ਲਾਭ ਹਰ ਵਿਅਕਤੀ ਤੱਕ ਪਹੁੰਚਾਉਣ ਲਈ ਉਨ੍ਹਾਂ ਦੀ ਟੀਮ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਮਲਟੀਪਰਪਜ਼ ਹੈਲਥ ਵਰਕਰ (ਮੇਲ/ਫੀਮੇਲ) ਵੱਲੋਂ ਆਸ਼ਾ ਫਸੀਲੀਟੇਟਰ ਅਤੇ ਆਸ਼ਾ ਦੀ ਮਦਦ ਨਾਲ ਐਤਵਾਰ ਅਤੇ ਸਰਕਾਰੀ ਛੁੱਟੀ ਵਾਲੇ ਦਿਨ ਵੀ ਕਾਰਡ ਬਣਵਾਏ ਜਾ ਰਹੇ ਹਨ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਲੋੜ੍ਹ ਪੈਣ ‘ਤੇ ਇਸ ਯੋਜਨਾ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਦੱਸਿਆ ਕਿ ਇਹ ਕਾਰਡ ਸਾਂਝ ਸੇਵਾ ਕੇਂਦਰਾਂ (ਸੀ.ਐੱਚ.ਸੀ), ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਹਫ਼ਤੇ ਵੱਖ ਵੱਖ ਪਿੰਡਾਂ ਵਿਚ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਅਤੇ ਕਾਪਰੇਟਿਵ ਸੋਸਾਇਟੀਆਂ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਮੁਫ਼ਤ ਬਣਾਏ ਜਾ ਰਹੇ ਹਨ।
ਡਾ. ਔਜਲਾ ਨੇ ਦੱਸਿਆ ਕਿ ਆਸ਼ਾ ਫਸੀਲੀਟੇਟਰ, ਆਸ਼ਾ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦੇ ਫਾਇਦਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਵਿਚ ਕਾਰਡ ਬਣਵਾਉਣ ਨੂੰ ਲੈ ਕੇ ਵਧੇਰੇ ਦਿਲਚਸਪੀ ਵਿਖਾਈ ਜਾ ਰਹੀ ਹੈ। ਉਨ੍ਹਾਂ ਸਾਰਿਆਂ ਨੂੰ ਅੱਜ ਹੀ ਆਪਣਾ ਆਧਾਰ ਕਾਰਡ, ਵੋਟਰ ਕਾਰਡ ਅਤੇ ਬੱਚੇ ਦਾ ਜਨਮ ਸਰਟੀਫਿਕੇਟ ਲੈ ਕੇ ਆਪਣੇ ਨਜ਼ਦੀਕੀ ਸਾਂਝ ਸੇਵਾ ਕੇਂਦਰ ‘ਤੇ ਇਹ ਕਾਰਡ ਬਣਵਾਉਣ ਦੀ ਅਪੀਲ ਕੀਤੀ।
ਬੀ.ਈ.ਈ ਰਤਿਕਾ ਓਬਰਾਏ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪੰਜਾਬ ਦੇ 900 ਤੋਂ ਵੱਧ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਦਿਲ, ਕੈਂਸਰ ਅਤੇ ਗੁਰਦਿਆਂ ਸਬੰਧੀ ਗੰਭੀਰ ਬਿਮਾਰੀਆਂ ਦਾ ਮੁਫ਼ਤ ਇਲਾਜ ਵੀ ਕਰਵਾਇਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਸੂਬੇਭਰ ਵਿਚ ਡੇਢ ਲੱਖ ਤੋਂ ਵੱਧ ਲਾਭਪਾਤਰੀ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ ਅਤੇ ਇਸ ਯੋਜਨਾ ਬਾਰੇ ਵਧੇਰੇ ਜਾਣਕਾਰੀ ਲੈਣ ਲਈ 104 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਆਸ਼ਾ ਫਸੀਲੀਟੇਟਰ ਪਵਨਪ੍ਰੀਤ ਕੌਰ, ਜਸਵਿੰਦਰ, ਸਿਮਰਜੀਤ, ਹਰਪਾਲ, ਅਮਨਦੀਪ, ਅਮਨਪ੍ਰੀਤ, ਪਰਵਿੰਦਰ, ਪਰਮਜੀਤ ਕੌਰ ਅਤੇ ਆਸ਼ਾ ਜਸਵੀਰ ਕੌਰ, ਪਰਵੀਨ ਰਾਣੀ ਅਤੇ ਪਰਮਜੀਤ ਕੌਰ ਹਾਜ਼ਰ ਸਨ।