ਨਵੇਂ ਵਿੱਤੀ ਸਾਲ ਵਿੱਚ ਟੋਲ, ਟੈਕਸ ਅਤੇ ਤਨਖਾਹ ਦੇ ਨਿਯਮ ਬਦਲੇ

25

India 01 Apr 2026 AJ DI Awaaj

National Desk :  ਅੱਜ ਤੋਂ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਨਾਲ ਦੇਸ਼ ਭਰ ਵਿੱਚ ਕਈ ਵੱਡੇ ਬਦਲਾਅ ਲਾਗੂ ਹੋ ਗਏ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਦੇ ਖਰਚਿਆਂ, ਟੈਕਸ, ਯਾਤਰਾ ਅਤੇ ਬੱਚਤਾਂ ‘ਤੇ ਪਵੇਗਾ।

ਇਸ ਵਾਰ ਸਭ ਤੋਂ ਵੱਡਾ ਬਦਲਾਅ ਟੈਕਸ ਪ੍ਰਣਾਲੀ ਵਿੱਚ ਕੀਤਾ ਗਿਆ ਹੈ। ਪੁਰਾਣੇ ਇਨਕਮ ਟੈਕਸ ਐਕਟ 1961 ਦੀ ਥਾਂ ਹੁਣ ਨਵਾਂ ਇਨਕਮ ਟੈਕਸ ਐਕਟ 2025 ਲਾਗੂ ਹੋ ਗਿਆ ਹੈ, ਜਿਸ ਨਾਲ ਵਿੱਤੀ ਸਾਲ ਅਤੇ ਮੁਲਾਂਕਣ ਸਾਲ ਦੀ ਉਲਝਣ ਖਤਮ ਹੋਵੇਗੀ। ਘਰ ਕਿਰਾਏ ‘ਤੇ ਛੂਟ ਲੈਣ ਲਈ ਹੁਣ ਮਾਲਕ ਦੇ PAN ਵੇਰਵੇ ਅਤੇ ਭੁਗਤਾਨ ਦਾ ਸਬੂਤ ਦੇਣਾ ਲਾਜ਼ਮੀ ਹੋਵੇਗਾ।

ਕਿਰਤ ਕਾਨੂੰਨਾਂ ਵਿੱਚ ਵੀ ਵੱਡਾ ਬਦਲਾਅ ਆਇਆ ਹੈ। ਨਵੇਂ ਨਿਯਮਾਂ ਅਨੁਸਾਰ ਮੂਲ ਤਨਖਾਹ ਅਤੇ ਮਹਿੰਗਾਈ ਭੱਤਾ ਕੁੱਲ ਤਨਖਾਹ ਦਾ ਘੱਟੋ-ਘੱਟ 50% ਹੋਵੇਗਾ, ਜਿਸ ਨਾਲ PF ਅਤੇ ਗ੍ਰੈਚੁਟੀ ਵਿੱਚ ਵਾਧਾ ਹੋਵੇਗਾ, ਪਰ ਹੱਥ ਵਿੱਚ ਆਉਣ ਵਾਲੀ ਤਨਖਾਹ ਘੱਟ ਸਕਦੀ ਹੈ।

ਟੋਲ ਪਲਾਜ਼ਿਆਂ ‘ਤੇ ਹੁਣ ਨਕਦ ਭੁਗਤਾਨ ਬੰਦ ਕਰ ਦਿੱਤਾ ਗਿਆ ਹੈ। ਟੋਲ ਦੀ ਅਦਾਇਗੀ FASTag ਜਾਂ UPI ਰਾਹੀਂ ਹੀ ਕਰਨੀ ਪਵੇਗੀ। ਇਸਦੇ ਨਾਲ ਹੀ ਸਾਲਾਨਾ FASTag ਪਾਸ ਦੀ ਕੀਮਤ ਵਧਾ ਕੇ ₹3,075 ਕਰ ਦਿੱਤੀ ਗਈ ਹੈ।

ਬੈਂਕਿੰਗ ਅਤੇ ਡਿਜੀਟਲ ਭੁਗਤਾਨਾਂ ਵਿੱਚ ਵੀ ਨਵੇਂ ਨਿਯਮ ਲਾਗੂ ਹੋਏ ਹਨ। ਹੁਣ ਸਿਰਫ਼ OTP ਨਾਲ ਕੰਮ ਨਹੀਂ ਚੱਲੇਗਾ, ਸਗੋਂ ਦੋ-ਕਾਰਕ ਪ੍ਰਮਾਣੀਕਰਨ (2FA) ਜਿਵੇਂ ਬਾਇਓਮੈਟ੍ਰਿਕ ਜਾਂ ਡਿਵਾਈਸ ਵੈਰੀਫਿਕੇਸ਼ਨ ਲਾਜ਼ਮੀ ਹੋਵੇਗਾ। UPI ਰਾਹੀਂ ਕਾਰਡ ਤੋਂ ਬਿਨਾਂ ਨਕਦ ਕਢਵਾਉਣਾ ਹੁਣ ਮੁਫ਼ਤ ਲੈਣ-ਦੇਣ ਸੀਮਾ ਵਿੱਚ ਗਿਣਿਆ ਜਾਵੇਗਾ, ਅਤੇ ਸੀਮਾ ਪਾਰ ਹੋਣ ‘ਤੇ ₹23 ਪ੍ਰਤੀ ਲੈਣ-ਦੇਣ ਫੀਸ ਲੱਗੇਗੀ।

ਇਨ੍ਹਾਂ ਤਬਦੀਲੀਆਂ ਨਾਲ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਅਤੇ ਖਰਚੇ ਦੋਵੇਂ ਪ੍ਰਭਾਵਿਤ ਹੋਣਗੇ, ਇਸ ਲਈ ਨਵੇਂ ਨਿਯਮਾਂ ਬਾਰੇ ਜਾਣਕਾਰੀ ਰੱਖਣਾ ਜਰੂਰੀ ਹੈ।