10 ਆਈਏਐਸ ਅਧਿਕਾਰੀਆਂ ਵੱਲੋਂ ‘ਪੰਜਾਬ ਦਰਸ਼ਨ’ ਦੀ ਸ਼ੁਰੂਆਤ

29

ਸ੍ਰੀ ਅਨੰਦਪੁਰ ਸਾਹਿਬ 30 ਮਾਰਚ 2026 AJ DI Awaaj

Punjab Desk  : ਪੰਜਾਬ ਕੈਡਰ ਦੇ 2024 ਬੈਚ ਦੇ 10 ਭਾਰਤੀ ਪ੍ਰਸ਼ਾਸਨਿਕ ਸੇਵਾ  ਆਈ.ਏ.ਐਸ ਅਧਿਕਾਰੀਆਂ ਦੇ ਇਕ ਸਮੂਹ ਨੇ ਅੱਜ ਇਤਿਹਾਸਕ ਤੇ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਤੋਂ ਆਪਣਾ “ਪੰਜਾਬ ਦਰਸ਼ਨ” ਪ੍ਰੋਗਰਾਮ ਅਧਿਕਾਰਕ ਤੌਰ ’ਤੇ ਸ਼ੁਰੂ ਕੀਤਾ। ਅਧਿਕਾਰੀਆਂ ਨੇ ਖਾਲਸੇ ਦੇ ਜਨਮ ਸਥਾਨ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਅਸੀਸਾਂ ਪ੍ਰਾਪਤ ਕੀਤੀਆਂ।
ਇਸ ਪਹਿਲ ਦਾ ਮਕਸਦ ਨੌਜਵਾਨ ਅਧਿਕਾਰੀਆਂ ਨੂੰ ਪੰਜਾਬ ਦੀ ਸਭਿਆਚਾਰ, ਭੂਗੋਲ, ਇਤਿਹਾਸ, ਕਲਾ, ਪ੍ਰਾਪਤੀਆਂ ਅਤੇ ਜ਼ਮੀਨੀ ਪੱਧਰ ਦੀਆਂ ਚੁਣੌਤੀਆਂ ਬਾਰੇ ਵਿਸਤ੍ਰਿਤ ਸਮਝ ਪ੍ਰਦਾਨ ਕਰਨਾ ਹੈ। ਇਸ ਦੌਰਾਨ ਅਧਿਕਾਰੀ ਸੂਬੇ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰਦੇ ਹੋਏ ਸ਼ਾਸਨ ਨਾਲ ਸੰਬੰਧਿਤ ਮਸਲਿਆਂ ਅਤੇ ਵਿਕਾਸੀ ਲੋੜਾਂ ਦਾ ਮੌਕੇ ’ਤੇ ਜਾਇਜ਼ਾ ਲੈਣਗੇ।
ਆਪਣੇ ਵਿਚਾਰ ਸਾਂਝੇ ਕਰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਰਗੇ ਆਧਿਆਤਮਿਕ ਅਤੇ ਇਤਿਹਾਸਕ ਮਹੱਤਵ ਵਾਲੇ ਸਥਾਨ ਤੋਂ ਪੰਜਾਬ ਦਰਸ਼ਨ ਦੀ ਸ਼ੁਰੂਆਤ ਕਰਨਾ ਉਹਨਾਂ ਲਈ ਵੱਡੀ ਖੁਸ਼ਕਿਸਮਤੀ ਹੈ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ ਦਾ ਹਰ ਇਕ ਕਣ ਸ੍ਰੀ ਗੁਰੂ ਸਾਹਿਬਾਨ ਦੇ ਚਰਨਾਂ ਦੀ ਖੁਸ਼ਬੂ ਨਾਲ ਮਹਿਕਦਾ ਹੈ, ਜੋ ਇਸ ਅਨੁਭਵ ਨੂੰ ਬਹੁਤ ਹੀ ਅਰਥਪੂਰਨ ਅਤੇ ਪ੍ਰੇਰਣਾਦਾਇਕ ਬਣਾਉਂਦਾ ਹੈ।
ਪੰਜਾਬ ਦਰਸ਼ਨ ਵਿੱਚ ਸ਼ਾਮਲ ਅਧਿਕਾਰੀਆਂ ਵਿੱਚ ਅਭਿਮੰਨਯੂ ਮਲਿਕ, ਸ਼ਿਵਾਂਸ਼ ਰਾਠੀ, ਗੁਰਲੀਨ ਕੌਰ, ਸ਼ਿਵਾਂਸ਼ ਅਸਥਾਨਾ, ਪ੍ਰਗਤੀ, ਲਿੰਧਿਆ, ਮੁਕਿਲਨ, ਹਰਸ਼ਿਤਾ ਸ਼ਰਮਾ, ਪਿਯੂਸ਼ਾ ਅਤੇ ਓਇਸ਼ੀ ਮੰਡਲ ਸ਼ਾਮਲ ਹਨ।
ਉਨ੍ਹਾਂ ਦਾ ਇਹ ਦੌਰਾ ਇੱਕ ਮਹੱਤਵਪੂਰਨ ਸਿੱਖਣ ਦੇ ਪੜਾਅ ਦੀ ਸ਼ੁਰੂਆਤ ਹੈ, ਜੋ ਪੰਜਾਬ ਦੀ ਵਿਰਾਸਤ ਅਤੇ ਮੌਜੂਦਾ ਹਕੀਕਤਾਂ ਦੀ ਡੂੰਘੀ ਸਮਝ ਨਾਲ ਉਨ੍ਹਾਂ ਦੀ ਪ੍ਰਸ਼ਾਸਨਿਕ ਸਮਰੱਥਾ ਨੂੰ ਹੋਰ ਮਜ਼ਬੂਤ ਕਰੇਗਾ।