ਸ੍ਰੀ ਮੁਕਤਸਰ ਸਾਹਿਬ, 16 ਮਾਰਚ 2026 AJ DI Awaaj
Punjab Desk : ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਸੁਚੇਤ ਕਰਨ ਦੇ ਉਦੇਸ਼ ਨਾਲ “ਨਸ਼ੇ ਨੂੰ ਨਾਹ, ਜ਼ਿੰਦਗੀ ਨੂੰ ਹਾਂ” ਸਿਰਲੇਖ ਹੇਠ ਇੱਕ ਵਿਸ਼ੇਸ਼ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਰੁਪਿੰਦਰਜੀਤ ਸਿੰਘ ਸੰਯੋਜਕ ਜ਼ਿੰਦਗੀ ਜ਼ਿੰਦਾਬਾਦ ਮੁਹਿੰਮ ਅਤੇ ਐਡਵੋਕੇਟ ਨਰਵੀਰ ਸਿੰਘ ਗਿੱਲ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਦੇਸ਼ ਪੋਲੀਟੈਕਨੀਕਲ ਕਾਲਜ ਮੱੜਮਲੂ ਅਤੇ ਮੁਕਤੀਸਰ ਕਾਲਜ ਆਫ ਐਜੂਕੇਸ਼ਨ, ਸ੍ਰੀ ਮੁਕਤਸਰ ਸਾਹਿਬ ਵਿੱਚ ਕਰਵਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਨਰਵੀਰ ਸਿੰਘ ਗਿੱਲ ਨੇ ਕਿਹਾ ਕਿ ਨਸ਼ਾ ਅੱਜ ਸਮਾਜ ਲਈ ਇੱਕ ਗੰਭੀਰ ਚੁਣੌਤੀ ਬਣ ਚੁੱਕਾ ਹੈ ਅਤੇ ਇਸ ਤੋਂ ਬਚਾਅ ਲਈ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇ ਨੌਜਵਾਨ ਆਪਣੀ ਊਰਜਾ ਨੂੰ ਸਿੱਖਿਆ, ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਵੱਲ ਮੋੜਨ ਤਾਂ ਨਸ਼ਿਆਂ ਤੋਂ ਦੂਰ ਰਹਿ ਕੇ ਸੁੱਖੀ ਤੇ ਸਿਹਤਮੰਦ ਜੀਵਨ ਬਤੀਤ ਕਰ ਸਕਦੇ ਹਨ।
ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਨੁਕਸਾਨਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਅਪੀਲ ਕੀਤੀ ਗਈ ਕਿ ਉਹ ਆਪਣੇ ਆਪ ਨਸ਼ਿਆਂ ਤੋਂ ਦੂਰ ਰਹਿਣ ਦੇ ਨਾਲ-ਨਾਲ ਹੋਰਨਾਂ ਨੂੰ ਵੀ ਇਸ ਬੁਰਾਈ ਤੋਂ ਬਚਣ ਲਈ ਪ੍ਰੇਰਿਤ ਕਰਨ।
ਇਸ ਮੌਕੇ ਵਿਦਿਆਰਥੀਆਂ ਵਿੱਚ ਨਸ਼ਿਆਂ ਦੇ ਖ਼ਿਲਾਫ ਜਾਗਰੂਕਤਾ ਪੈਦਾ ਕਰਨ ਲਈ ਭਾਸ਼ਣ ਮੁਕਾਬਲੇ ਕਰਵਾਏ ਗਏ। ਅੰਤ ਵਿੱਚ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਸਾਰੇ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਦਾ ਸੰਦੇਸ਼ ਦਿੱਤਾ ਗਿਆ।
ਕਾਲਜ ਪ੍ਰਬੰਧਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇਸ ਮੌਕੇ ਜਿੰਦਗੀ ਜਿੰਦਾਬਾਦ ਟੀਮ ਦੇ ਮੈਂਬਰ ਬਰਿੰਦਰ ਸੰਧੂ, ਪ੍ਰਿੰਸੀਪਲ ਨਵਦੀਪ ਕੌਰ ਗਿੱਲ, ਤੋਂ ਇਲਾਵਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।














