ਮੋਹਾਲੀ: 13 Mar 2026 AJ DI Awaaj
Punjab Desk : ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਪ੍ਰੋਗਰੈਸਿਵ ਪੰਜਾਬ ਇਨਵੈਸਟਰਸ ਸਮਿਟ ਅੱਜ 13 ਮਾਰਚ ਤੋਂ ਮੋਹਾਲੀ ਵਿੱਚ ਸ਼ੁਰੂ ਹੋ ਗਿਆ ਹੈ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਸੰਮੇਲਨ ਵਿੱਚ ਪੰਜਾਬ ਸਮੇਤ ਕਈ ਵਿਦੇਸ਼ੀ ਦੇਸ਼ਾਂ ਦੇ ਉਦਯੋਗਪਤੀ ਅਤੇ ਨਿਵੇਸ਼ਕ ਹਿੱਸਾ ਲੈ ਰਹੇ ਹਨ। ਸਮਿਟ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ।
ਇਹ ਸੰਮੇਲਨ ਮੋਹਾਲੀ ਦੇ ਆਈਟੀ ਸਿਟੀ ਵਿੱਚ ਸਥਿਤ ਪਲਾਕਸ਼ਾ ਯੂਨੀਵਰਸਿਟੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਸਮਾਗਮ ਦੌਰਾਨ ਇਕ ਵੱਡੀ ਪ੍ਰਦਰਸ਼ਨੀ ਵੀ ਲਗਾਈ ਗਈ ਹੈ ਅਤੇ ਕੁੱਲ 89 ਸੈਸ਼ਨ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਉਦਯੋਗ, ਤਕਨਾਲੋਜੀ ਅਤੇ ਨਿਵੇਸ਼ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਹੋਵੇਗੀ।
ਸਰਕਾਰ ਦਾ ਮੁੱਖ ਉਦੇਸ਼ ਪੰਜਾਬ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਇਸੇ ਮਕਸਦ ਨਾਲ ਪੰਜਾਬ ਸਰਕਾਰ ਨੇ 7 ਮਾਰਚ ਨੂੰ ਨਵੀਂ ਉਦਯੋਗਿਕ ਨੀਤੀ ਵੀ ਜਾਰੀ ਕੀਤੀ ਸੀ, ਜਿਸ ਵਿੱਚ ਉਦਯੋਗਾਂ ਲਈ ਕਈ ਪ੍ਰੋਤਸਾਹਨ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ।
ਸੰਮੇਲਨ ਦੌਰਾਨ ਯੂਨਾਈਟਿਡ ਕਿੰਗਡਮ, ਜਾਪਾਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਲਈ ਵਿਸ਼ੇਸ਼ ਦੇਸ਼-ਕੇਂਦ੍ਰਿਤ ਸੈਸ਼ਨ ਵੀ ਰੱਖੇ ਗਏ ਹਨ। ਇਸ ਤੋਂ ਇਲਾਵਾ ਮੋਹਾਲੀ ਨੂੰ ਆਈਟੀ ਹੱਬ ਵਜੋਂ ਵਿਕਸਿਤ ਕਰਨ ਦੇ ਮੱਦੇਨਜ਼ਰ ਸ਼ਹਿਰ ’ਤੇ ਵੀ ਖਾਸ ਸੈਸ਼ਨ ਆਯੋਜਿਤ ਕੀਤਾ ਗਿਆ ਹੈ। ਮੋਹਾਲੀ ਵਿੱਚ ਹਵਾਈ ਅੱਡੇ ਸਮੇਤ ਕਈ ਆਧੁਨਿਕ ਸਹੂਲਤਾਂ ਮੌਜੂਦ ਹਨ, ਜਿਸ ਕਰਕੇ ਇਸਨੂੰ ਨਿਵੇਸ਼ ਲਈ ਮਹੱਤਵਪੂਰਨ ਕੇਂਦਰ ਵਜੋਂ ਤਿਆਰ ਕੀਤਾ ਜਾ ਰਿਹਾ ਹੈ।
ਸਮਿਟ ਵਿੱਚ ਲਗਭਗ 30 ਵੱਡੇ ਪ੍ਰੋਜੈਕਟ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਕੁੱਲ ਨਿਵੇਸ਼ ਕਰੀਬ 27,294 ਕਰੋੜ ਰੁਪਏ ਹੈ। ਇਨ੍ਹਾਂ ਪ੍ਰੋਜੈਕਟਾਂ ਰਾਹੀਂ ਲਗਭਗ 47,000 ਤੋਂ ਵੱਧ ਨੌਕਰੀਆਂ ਪੈਦਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਪ੍ਰਮੁੱਖ ਪ੍ਰੋਜੈਕਟਾਂ ਵਿੱਚ ਟਾਟਾ ਸਟੀਲ ਵੱਲੋਂ ਲੁਧਿਆਣਾ ਵਿੱਚ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਅਤੇ ਇਨਫੋਸਿਸ ਵੱਲੋਂ ਮੋਹਾਲੀ ਵਿੱਚ ਲਗਭਗ 286 ਕਰੋੜ ਰੁਪਏ ਦੇ ਵਿਸਥਾਰ ਪ੍ਰੋਜੈਕਟ ਲਈ ਨੀਂਹ ਪੱਥਰ ਰੱਖਣਾ ਵੀ ਸ਼ਾਮਲ ਹੈ। ਹਾਲਾਂਕਿ ਮਿਡਲ ਈਸਟ ਵਿੱਚ ਚੱਲ ਰਹੀ ਜੰਗ ਦੇ ਕਾਰਨ ਕੁਝ ਦੇਸ਼ ਇਸ ਸਮਿਟ ਵਿੱਚ ਹਿੱਸਾ ਨਹੀਂ ਲੈ ਸਕੇ।














