ਨਵੀਂ ਦਿੱਲੀ: 13 Mar 2026 AJ DI Awaaj
National Desk : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਪਹਿਲੇ ਪੜਾਅ ਦਾ ਸ਼ਡਿਊਲ ਜਾਰੀ ਹੋਣ ਨਾਲ ਹੀ ਟੀਮਾਂ ਨੇ ਵੀ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦੌਰਾਨ ਪੰਜਾਬ ਕਿੰਗਜ਼ ਨੇ ਆਉਣ ਵਾਲੇ ਸੀਜ਼ਨ ਲਈ ਆਪਣੀ ਨਵੀਂ ਮੈਚ ਜਰਸੀ ਦਾ ਵੀ ਐਲਾਨ ਕਰ ਦਿੱਤਾ ਹੈ।
ਨਵੀਂ ਜਰਸੀ ਵਿੱਚ ਟੀਮ ਦੇ ਰਵਾਇਤੀ ਰੰਗ ਲਾਲ ਅਤੇ ਨੀਲੇ ਦਾ ਆਕਰਸ਼ਕ ਸੁਮੇਲ ਦਿਖਾਈ ਦੇਵੇਗਾ। ਜਰਸੀ ਦੇ ਡਿਜ਼ਾਈਨ ਵਿੱਚ ਟੀਮ ਦਾ ਪ੍ਰਤੀਕ ‘ਸ਼ੇਰ’ ਖਾਸ ਤੌਰ ’ਤੇ ਦਰਸਾਇਆ ਗਿਆ ਹੈ, ਜੋ ਟੀਮ ਦੀ ਤਾਕਤ ਅਤੇ ਲੜਾਕੂ ਜਜ਼ਬੇ ਨੂੰ ਪ੍ਰਗਟ ਕਰਦਾ ਹੈ। ਟੀਮ ਪ੍ਰਬੰਧਨ ਦੇ ਅਨੁਸਾਰ ਇਹ ਡਿਜ਼ਾਈਨ ਪੰਜਾਬ ਦੀ ਊਰਜਾ ਅਤੇ ਟੀਮ ਦੀ ਪਛਾਣ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਨਵੀਂ ਜਰਸੀ ਦੇ ਨਾਲ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਆਈਪੀਐਲ 2026 ਦਾ ਸੀਜ਼ਨ 28 ਮਾਰਚ ਤੋਂ ਸ਼ੁਰੂ ਹੋਵੇਗਾ। ਟੂਰਨਾਮੈਂਟ ਦਾ ਪਹਿਲਾ ਮੈਚ ਬੰਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ, ਜਿੱਥੇ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੁਰੂ ਦਾ ਸਾਹਮਣਾ ਸਨਰਾਈਜ਼ਰਜ਼ ਹੈਦਰਾਬਾਦ ਨਾਲ ਹੋਵੇਗਾ। ਆਰਸੀਬੀ ਨੇ 2025 ਵਿੱਚ ਪੰਜਾਬ ਕਿੰਗਜ਼ ਨੂੰ ਹਰਾਕੇ ਆਪਣਾ ਪਹਿਲਾ ਆਈਪੀਐਲ ਖਿਤਾਬ ਜਿੱਤਿਆ ਸੀ।
ਉਦਘਾਟਨੀ ਮੈਚ ਤੋਂ ਅਗਲੇ ਦਿਨ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਮੁਕਾਬਲਾ ਖੇਡਿਆ ਜਾਵੇਗਾ।
ਪਹਿਲੇ ਪੜਾਅ ਵਿੱਚ 20 ਮੈਚ
ਆਈਪੀਐਲ 2026 ਦੇ ਪਹਿਲੇ ਪੜਾਅ ਵਿੱਚ ਕੁੱਲ 20 ਮੈਚ ਖੇਡੇ ਜਾਣਗੇ, ਜੋ 10 ਵੱਖ-ਵੱਖ ਸ਼ਹਿਰਾਂ ਵਿੱਚ ਹੋਣਗੇ। ਇਨ੍ਹਾਂ ਵਿੱਚ ਬੰਗਲੁਰੂ, ਮੁੰਬਈ, ਗੁਹਾਟੀ, ਨਵਾਂ ਚੰਡੀਗੜ੍ਹ, ਲਖਨਊ, ਕੋਲਕਾਤਾ, ਚੇਨਈ, ਦਿੱਲੀ, ਅਹਿਮਦਾਬਾਦ ਅਤੇ ਹੈਦਰਾਬਾਦ ਸ਼ਾਮਲ ਹਨ।
ਇਸ ਦੌਰਾਨ ਚਾਰ ਡਬਲ-ਹੈਡਰ ਵੀ ਹੋਣਗੇ, ਜਿਸ ਵਿੱਚ ਇੱਕੋ ਦਿਨ ਦੋ ਮੈਚ ਖੇਡੇ ਜਾਣਗੇ। ਦੁਪਹਿਰ ਦਾ ਮੈਚ ਭਾਰਤੀ ਸਮੇਂ ਅਨੁਸਾਰ 3:30 ਵਜੇ ਅਤੇ ਸ਼ਾਮ ਦਾ ਮੈਚ 7:30 ਵਜੇ ਸ਼ੁਰੂ ਹੋਵੇਗਾ।
ਘਰੇਲੂ ਮੈਚਾਂ ਦੀ ਗੱਲ ਕਰੀਏ ਤਾਂ ਰਾਇਲ ਚੈਲੇਂਜਰਜ਼ ਬੰਗਲੁਰੂ ਪੰਜ ਮੈਚ ਆਪਣੇ ਘਰੇਲੂ ਮੈਦਾਨ ’ਤੇ ਅਤੇ ਦੋ ਮੈਚ ਰਾਏਪੁਰ ਵਿੱਚ ਖੇਡੇਗੀ। ਪੰਜਾਬ ਕਿੰਗਜ਼ ਨਵੇਂ ਚੰਡੀਗੜ੍ਹ ਵਿੱਚ ਚਾਰ ਅਤੇ ਧਰਮਸ਼ਾਲਾ ਵਿੱਚ ਤਿੰਨ ਘਰੇਲੂ ਮੈਚ ਖੇਡੇਗੀ, ਜਦਕਿ ਰਾਜਸਥਾਨ ਰਾਇਲਜ਼ ਗੁਹਾਟੀ ਵਿੱਚ ਤਿੰਨ ਅਤੇ ਜੈਪੁਰ ਵਿੱਚ ਚਾਰ ਮੈਚ ਖੇਡੇਗੀ।














