ਮਾਲੇਰਕੋਟਲਾ, 12 ਮਾਰਚ 2026 AJ DI Awaaj
Punjab Desk : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਫ਼ਤਰ ਦੇ ਕੰਮਕਾਜ ਨੂੰ ਹੋਰ ਸੁਚੱਜੇ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਨਵੇਂ “ਸਮਯਸੇਤੂ” (SamaySetu) ਐਪ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਐਪਲੀਕੇਸ਼ਨ ਨੂੰ ਲਾਂਚ ਕਰਦਿਆਂ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਦੱਸਿਆ ਕਿ ਇਸ ਐਪ ਦੀ ਮਦਦ ਨਾਲ ਦਫ਼ਤਰ ਦੇ ਕਰਮਚਾਰੀਆਂ ਉੱਪਰ ਕੰਮ ਦਾ ਬੋਝ ਘੱਟ ਕਰ ਕੇ ਸਮੇਂ ਦੀ ਸੁਚਾਰੂ ਸੰਭਾਲ ਕਰਨਾ ਆਸਾਨ ਹੋਵੇਗਾ। ਇਹ ਐਪ ਨੈਸ਼ਨਲ ਇਨਫਾਰਮੈਟਿਕਸ ਸੈਂਟਰ (NIC) ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਿਕਸਿਤ ਕੀਤੀ ਗਈ ਹੈ, ਜਿਸ ਨਾਲ ਦਫ਼ਤਰਾਂ ਵਿੱਚ ਆਉਣ ਵਾਲੀ ਡਾਕ ਦੀ ਆਨਲਾਈਨ ਨਿਗਰਾਨੀ ਅਤੇ ਉਸਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਇਆ ਜਾ ਸਕੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰਣਾਲੀ ਰਾਹੀਂ ਹਰ ਕਰਮਚਾਰੀ ਨੂੰ ਦਿੱਤੇ ਗਏ ਕੰਮ ਦੀ ਪੂਰੀ ਜਾਣਕਾਰੀ, ਉਸਦੀ ਮਿਆਦ ਅਤੇ ਕੰਮ ਦੀ ਚਾਲ ਨੂੰ ਆਨਲਾਈਨ ਤਰੀਕੇ ਨਾਲ ਦਰਜ ਕੀਤਾ ਜਾ ਸਕੇਗਾ। ਇਸ ਨਾਲ ਨਾ ਸਿਰਫ਼ ਸਬੰਧਿਤ ਫਾਇਲ ਦੀ ਨਿਗਰਾਨੀ ਆਸਾਨ ਹੋਵੇਗੀ, ਸਗੋਂ ਦਫ਼ਤਰ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਵੀ ਵਧੇਗੀ।
ਉਨ੍ਹਾਂ ਦੱਸਿਆ ਕਿ “ਸਮਯਸੇਤੂ” ਐਪ ਦੀ ਵਰਤੋਂ ਨਾਲ ਦਫ਼ਤਰ ਦੇ ਰੋਜ਼ਾਨਾ ਕੰਮਾਂ ਦੀ ਨਿਗਰਾਨੀ ਕਰਨਾ ਹੋਰ ਆਸਾਨ ਹੋ ਜਾਵੇਗਾ ਅਤੇ ਸਮੇਂ ਸਿਰ ਕੰਮ ਮੁਕੰਮਲ ਕਰਨ ਵਿੱਚ ਵੀ ਮਦਦ ਮਿਲੇਗੀ। ਇਸ ਪ੍ਰਣਾਲੀ ਰਾਹੀਂ ਹਰ ਵਿਭਾਗ ਅਤੇ ਕਰਮਚਾਰੀ ਦੇ ਕੰਮ ਦੀ ਸਥਿਤੀ ਬਾਰੇ ਤੁਰੰਤ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇਗੀ, ਜਿਸ ਨਾਲ ਦਫਤਰੀ ਕਾਰਵਾਈ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਬਣੇਗੀ।
ਇਸ ਦੇ ਨਾਲ ਹੀ ਐਪ ਵਿੱਚ ਡਾਕ ਦੇ ਨਿਪਟਾਰੇ ਨਾਲ ਸਬੰਧਤ ਵਿਸ਼ੇਸ਼ ਸੁਵਿਧਾ ਵੀ ਸ਼ਾਮਲ ਕੀਤੀ ਗਈ ਹੈ। ਜੇ ਕਿਸੇ ਵਿਭਾਗ ਨੂੰ ਭੇਜੀ ਗਈ ਡਾਕ ਦਾ ਜਵਾਬ ਨਿਰਧਾਰਿਤ ਸਮੇਂ ਅੰਦਰ ਪ੍ਰਾਪਤ ਨਹੀਂ ਹੁੰਦਾ, ਤਾਂ ਇਹ ਐਪ ਆਪਣੇ ਆਪ ਸਬੰਧਤ ਅਧਿਕਾਰੀ ਜਾਂ ਵਿਭਾਗ ਨੂੰ ਯਾਦ ਦੇ ਤੌਰ ਤੇ ਨੋਟੀਫਿਕੇਸ਼ਨ ਭੇਜਦਾ ਹੈ। ਇਸ ਨਾਲ ਡਾਕ ਦੇ ਨਿਪਟਾਰੇ ਦੀ ਪ੍ਰਕਿਰਿਆ ਸਮਾਂਬੱਧ ਢੰਗ ਨਾਲ ਪੂਰੀ ਹੋਣ ਵਿੱਚ ਮਦਦ ਮਿਲੇਗੀ।
ਡਿਪਟੀ ਕਮਿਸ਼ਨਰ ਨੇ ਉਮੀਦ ਜਤਾਈ ਹੈ ਕਿ “ਸਮਯਸੇਤੂ” ਐਪ ਦੇ ਲਾਗੂ ਹੋਣ ਨਾਲ ਦਫ਼ਤਰੀ ਪ੍ਰਬੰਧਨ ਪ੍ਰਣਾਲੀ ਹੋਰ ਮਜ਼ਬੂਤ ਬਣੇਗੀ ਅਤੇ ਕਰਮਚਾਰੀਆਂ ਦੀ ਕਾਰਗੁਜ਼ਾਰੀ ਵਿੱਚ ਵੀ ਮਹੱਤਵਪੂਰਨ ਸੁਧਾਰ ਆਵੇਗਾ।
ਇਸ ਮੌਕੇ ਐਸ.ਡੀ.ਐਮ ਹਰਬੰਸ ਸਿੰਘ, ਜ਼ਿਲਾ ਮਾਲ ਅਫਸਰ ਮਨਦੀਪ ਕੌਰ, ਜ਼ਿਲ੍ਹਾ ਸੂਚਨਾ ਵਿਗਿਆਨ ਅਫਸਰ ਸ਼ਾਈਨ ਕਮਲ, ਕਾਰਜ ਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ, ਬੀ.ਡੀ.ਪੀ.ਓ ਜਸਮਿੰਦਰ ਸਿੰਘ ਤੋਂ ਇਲਾਵਾ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।














