Amritsar 12 Mar 2026 AJ DI Awaaj
Punjab Desk : ਦੇਸ਼ ਵਿੱਚ ਐਲਪੀਜੀ ਗੈਸ ਦੀ ਸੰਭਾਵਿਤ ਕਮੀ ਦੀਆਂ ਖ਼ਬਰਾਂ ਦੇ ਦਰਮਿਆਨ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਪ੍ਰਬੰਧਾਂ ਨੂੰ ਲੈ ਕੇ ਵੀ ਚਰਚਾ ਹੋ ਰਹੀ ਸੀ। ਹਾਲਾਂਕਿ ਹੁਣ ਪ੍ਰਬੰਧਕਾਂ ਨੇ ਇਸ ਮਾਮਲੇ ‘ਤੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ।
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਨਗੇੜਾ ਨੇ ਕਿਹਾ ਕਿ ਗੁਰੂ ਘਰ ਵਿੱਚ ਲੰਗਰ ਸੇਵਾ ਪਹਿਲਾਂ ਵਾਂਗ ਨਿਰੰਤਰ ਚੱਲ ਰਹੀ ਹੈ ਅਤੇ ਗੈਸ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਲੰਗਰ ਹਾਲ ਵਿੱਚ ਪਾਈਪਲਾਈਨ ਰਾਹੀਂ ਹਰ ਰੋਜ਼ ਵੱਡੀ ਮਾਤਰਾ ਵਿੱਚ ਗੈਸ ਵਰਤੀ ਜਾਂਦੀ ਹੈ ਅਤੇ ਰੋਜ਼ਾਨਾ ਲਗਭਗ 1300 ਯੂਨਿਟ ਗੈਸ ਦੀ ਖਪਤ ਹੁੰਦੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਐਮਰਜੈਂਸੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ 25 ਤੋਂ 30 ਐਲਪੀਜੀ ਸਿਲੰਡਰ ਵਾਧੂ ਤੌਰ ‘ਤੇ ਸਟਾਕ ਵਿੱਚ ਰੱਖੇ ਜਾਂਦੇ ਹਨ। ਸ੍ਰੀ ਦਰਬਾਰ ਸਾਹਿਬ ਵਿੱਚ ਲੰਗਰ ਸੇਵਾ 24 ਘੰਟੇ ਲਗਾਤਾਰ ਚੱਲਦੀ ਹੈ ਅਤੇ ਹਰ ਰੋਜ਼ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਇੱਥੇ ਲੰਗਰ ਛਕਦੀ ਹੈ।
ਮੈਨੇਜਰ ਨੇ ਦੱਸਿਆ ਕਿ ਗੈਸ ਕੰਪਨੀਆਂ ਵੱਲੋਂ ਵੀ ਪ੍ਰਬੰਧਕਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਰੋਜ਼ਾਨਾ ਗੈਸ ਦੀ ਖਪਤ ਬਾਰੇ ਜਾਣਕਾਰੀ ਮੰਗੀ ਗਈ ਹੈ ਤਾਂ ਜੋ ਭਵਿੱਖ ਵਿੱਚ ਵੀ ਸਪਲਾਈ ਸੁਚਾਰੂ ਢੰਗ ਨਾਲ ਜਾਰੀ ਰਹੇ।
ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਗੁਰੂ ਘਰ ਲਈ ਗੈਸ ਦੀ ਸਪਲਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਲੰਗਰ ਸੇਵਾ ਸਿਰਫ਼ ਖਾਣਾ ਪਰੋਸਣ ਦੀ ਪ੍ਰਕਿਰਿਆ ਨਹੀਂ, ਸਗੋਂ ਸੇਵਾ, ਸਮਾਨਤਾ ਅਤੇ ਭਾਈਚਾਰੇ ਦਾ ਪ੍ਰਤੀਕ ਹੈ, ਜੋ ਲਗਾਤਾਰ ਜਾਰੀ ਰਹੇਗੀ।














