ਭੂਰੀ ਵਾਲਿਆਂ ਵੱਲੋਂ ਗੁਰੂ ਨਗਰੀ ਦੀ ਸਫਾਈ ਸੇਵਾ ਨਿਰੰਤਰ ਜਾਰੀ

21

ਸ਼੍ਰੀ ਅਨੰਦਪੁਰ ਸਾਹਿਬ 04 ਮਾਰਚ 2026 AJ DI Awaaj

Punjab Desk  : ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਹੋਲਾ ਮਹੱਲਾ ਦੌਰਾਨ ਸਮੁੱਚੇ ਮੇਲਾ ਖੇਤਰ ਦੀ ਸਫਾਈ ਸੇਵਾ ਸੰਭਾਲਣ ਨਾਲ ਗੁਰੂ ਨਗਰੀ ਦੇ ਕੋਨੇ ਕੋਨੇ ਵਿੱਚ ਸਫਾਈ ਦਾ ਅਸਰ ਨਜ਼ਰ ਆ ਰਿਹਾ ਹੈ। ਲਗਭਗ ਪਿਛਲੇ ਇੱਕ ਮਹੀਨੇ ਤੋਂ ਬਾਬਾ ਸੁਖਵਿੰਦਰ ਸਿੰਘ (ਬਾਬਾ ਸੁੱਖਾ ਸਿੰਘ ) ਜੀ ਦੀ ਰਹਿਨੁਮਾਈ ਹੇਠ ਭੂਰੀ ਵਾਲਿਆਂ ਦੇ ਸੇਵਾਦਾਰ ਮੇਲਾ ਖੇਤਰ ਵਿਚ ਸਾਫ ਸਫਾਈ, ਰੁੱਖਾ ਤੇ ਪੋਦਿਆਂ ਦੀ ਕਟਾਈ ਅਤੇ ਧੁਲਾਈ ਦਾ ਕੰਮ ਪੂਰੀ ਮਿਹਨਤ ਤੇ ਸੇਵਾ ਦੀ ਭਾਵਨਾ ਨਾਲ ਕਰ ਰਹੇ ਹਨ।
ਭਾਈ ਅਮਰਜੀਤ ਸਿੰਘ ਤੇ ਹਰਦੀਪ ਸੰਘ ਸੇਵਾਦਾਰ ਭੂਰੀ ਵਾਲਿਆਂ ਨੇ ਦੱਸਿਆ ਕਿ ਪਿਛਲੇ ਲਗਭਗ ਇੱਕ ਮਹੀਨੇ ਤੋ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦਾ ਕੋਨਾ ਕੋਨਾ ਲਿਸ਼ਕਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਬਾਬਾ ਜੀ ਦੇ ਨਿਰਦੇਸ਼ਾ ਅਨੁਸਾਰ ਭੂਰੀ ਵਾਲਿਆ ਦੇ ਸਮੂਹ ਸੇਵਾਦਾਰ ਲਗਨ, ਮਿਹਨਤ ਤੇ ਸੇਵਾ ਦੀ ਭਾਂਵਨਾ ਨਾਲ ਲੱਗੇ ਹੋਏ ਹਨ। ਹੋਲਾ ਮਹੱਲਾ ਸਾਡਾ ਬਹੁਤ ਹੀ ਪਵਿੱਤਰ ਤੇ ਧਾਰਮਿਕ ਤਿਉਹਾਰ ਹੈ, ਇਸ ਦਾ ਬਹੁਤ ਵੱਡਾ ਇਤਿਹਾਸ ਹੈ ਅਸੀ ਸਾਰੇ ਸਰਬੰਸ ਦਾਨੀ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ, ਸ੍ਰੀ ਅਨੰਦਪੁਰ ਸਾਹਿਬ ਗੁਰੂ ਨਗਰੀ ਸਾਡਾ ਸਭ ਦਾ ਘਰ ਹੈ, ਇਸ ਨੂੰ ਸਵੱਛ ਰੱਖਣਾ ਸਾਡੀ ਜਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਲੱਖਾਂ ਸੰਗਤ ਨਤਮਸਤਕ ਹੋਣ ਲਈ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਹੀਆਂ ਹਨ, ਅਸੀ ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਡੇਚਲਵਾਲ, ਵਧੀਕ ਡਿਪਟੀ ਕਮਿਸ਼ਨਰ (ਜ)ਅਵਿਕੇਸ਼ ਗੁਪਤਾ, ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰ ਜਯੋਤੀ ਸਿੰਘ, ਮੇਲਾ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਸੁਖਪਾਲ ਸਿੰਘ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਮਨਿੰਦਰ ਸਿੰਘ ਸੀਨੀਅਰ ਪੁਲਿਸ ਕਪਤਾਨ ਅਤੇ ਜਸ਼ਨਦੀਪ ਸਿੰਘ ਡੀ.ਐਸ.ਪੀ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਤਾਲਮੇਲ ਕਰਕੇ ਇਹ ਵਿਆਪਕ ਸਫਾਈ ਮੁਹਿੰਮ ਨੂੰ ਨੇਪਰੇ ਚਾੜਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨਗਰ ਕੋਂਸਲ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਫਾਈ ਕਰਮਚਾਰੀ ਵੱਖ ਵੱਖ ਸੰਗਠਨਾਂ ਦੇ ਅਹੁਦੇਦਾਰ ਵੀ ਇਸ ਮੁਹਿੰਮ ਵਿੱਚ ਸਹਿਯੋਗ ਕਰ ਰਹੇ ਹਨ। ਹੋਲਾ ਮਹੱਲਾ ਦੇ ਸਪੰਨਤਾ ਉਪਰੰਤ ਇਹ ਮੁਹਿੰਮ ਜਾਰੀ ਰਹੇਗੀ।