ਪਠਾਨਕੋਟ, 28 ਫਰਵਰੀ 2026 AJ DI Awaaj
ਵੱਲ,
ਮੈਗਜ਼ੀਨ ਸੰਪਾਦਕ,
ਮੈਗਜ਼ੀਨ ਸੈਕਸ਼ਨ,
ਰੋਜ਼ਾਨਾ ਅੱਜ ਦੀ ਆਵਾਜ਼,
ਜਲੰਧਰ।
ਅੱਜ 1 ਮਾਰਚ 2026 ਨੂੰ ਸੰਤ ਗੋਰਾ ਜੀ ਮਹਾਰਾਜ ਦਾ 702ਵਾਂ ਪ੍ਰਕਾਸ਼ ਪੁਰਬ ਤੇ ਵਿਸ਼ੇਸ਼
_____________________________ __________
ਭਗਤੀ ਦਾ ਪ੍ਰਕਾਸ਼-ਸਤੰਭ: ਸੰਤ ਗੋਰਾ ਜੀ ਮਹਾਰਾਜ
______________________________ ___
ਜਦੋਂ-ਜਦੋਂ ਇਸ ਸੰਸਾਰ ਵਿੱਚ ਬੁਰਾਈ, ਜ਼ੁਲਮ, ਅਨਿਆਂ ਅਤੇ ਅਗਿਆਨਤਾ ਦਾ ਅੰਧਕਾਰ ਗਹਿਰਾ ਹੋਇਆ ਹੈ, ਤਦੋਂ-ਤਦੋਂ ਪਰਮਾਤਮਾ ਨੇ ਮਨੁੱਖਤਾ ਉੱਤੇ ਕਿਰਪਾ ਕਰਦੇ ਹੋਏ ਸੰਤ ਮਹਾਤਮਾਵਾਂ ਨੂੰ ਇਸ ਧਰਤੀ ਉੱਤੇ ਪ੍ਰਗਟ ਕੀਤਾ ਹੈ। ਇਹ ਸੰਤ ਕੋਈ ਆਮ ਹਸਤੀਆਂ ਨਹੀਂ ਹੁੰਦੇ, ਇਹ ਰੱਬੀ ਨੂਰ ਦੇ ਪ੍ਰਤੀਕ ਹੁੰਦੇ ਹਨ। ਉਹ ਨੂਰ ਜੋ ਮਾਯਾ ਦੇ ਅੰਧਕਾਰ ਵਿੱਚ ਭਟਕ ਰਹੀ ਮਨੁੱਖਤਾ ਲਈ ਰਾਹ-ਦੀਪ ਬਣਦਾ ਹੈ।
ਸੰਤ ਮਹਾਤਮਾ ਮਨੁੱਖ ਨੂੰ ਸਿਰਫ਼ ਉਪਦੇਸ਼ ਨਹੀਂ ਦਿੰਦੇ, ਸਗੋਂ ਆਪਣੇ ਜੀਵਨ ਰਾਹੀਂ ਜੀਉਣ ਦਾ ਸਹੀ ਢੰਗ ਸਿਖਾਉਂਦੇ ਹਨ। ਉਹ ਸਤਸੰਗ ਦੀ ਮਹੱਤਤਾ ਸਮਝਾਉਂਦੇ ਹਨ, ਸੇਵਾ ਦੇ ਰਸਤੇ ਨਾਲ ਜੋੜਦੇ ਹਨ ਅਤੇ ਸਿਮਰਨ ਦੀ ਮਾਲਾ ਪਹਿਨਾ ਕੇ ਮਨ ਨੂੰ ਠੰਡਕ ਬਖ਼ਸ਼ਦੇ ਹਨ। ਉਹ ਦੱਸਦੇ ਹਨ ਕਿ ਅਸਲ ਧਨ-ਦੌਲਤ ਧਨ-ਸੰਪਤੀ ਨਹੀਂ, ਸਗੋਂ “ਨਾਮ ਦੀ ਕਮਾਈ” ਹੈ, ਇਹੋ ਜਿਹੀ ਕਮਾਈ ਜੋ ਨਾ ਘਟਦੀ ਹੈ, ਨਾ ਲੁੱਟੀ ਜਾਂਦੀ ਹੈ ਅਤੇ ਨਾ ਹੀ ਸਮੇਂ ਦੇ ਹਵਾਲੇ ਹੁੰਦੀ ਹੈ।
ਸੰਤ ਇਹ ਵੀ ਸਿਖਾਉਂਦੇ ਹਨ ਕਿ ਅਸਲ ਤਾਕਤ ਦੌਲਤ ਜਾਂ ਅਹੁਦੇ ਵਿੱਚ ਨਹੀਂ, ਸਗੋਂ ਮਾਲਕ ਉੱਤੇ ਅਟੱਲ ਵਿਸ਼ਵਾਸ ਅਤੇ ਪੂਰੇ ਭਰੋਸੇ ਵਿੱਚ ਹੈ। ਜਦੋਂ ਜੀਵ ਸੰਤਾਂ ਦੇ ਬਚਨ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ, ਮਾਲਕ ਨਾਲ ਆਪਣਾ ਨਾਤਾ ਮਜ਼ਬੂਤ ਕਰ ਲੈਂਦਾ ਹੈ ਅਤੇ ਉਸ ਦੀ ਰਜ਼ਾ ਵਿੱਚ ਰਹਿਣਾ ਸਿੱਖ ਲੈਂਦਾ ਹੈ, ਤਦੋਂ ਜੀਵਨ ਦੀ ਦਿਸ਼ਾ ਬਦਲ ਜਾਂਦੀ ਹੈ। ਮਨ ਦੀ ਬੇਚੈਨੀ ਸ਼ਾਂਤੀ ਵਿੱਚ ਬਦਲ ਜਾਂਦੀ ਹੈ ਅਤੇ ਜੀਵਨ ਇੱਕ ਅਰਥਪੂਰਨ ਯਾਤਰਾ ਬਣ ਜਾਂਦੀ ਹੈ।
ਸੋ ਇਸ ਯਾਤਰਾ ਦੇ ਚਲਦੇ ਉਨ੍ਹਾਂ ਮਹਾਨ ਸੰਤਾਂ ਵਿੱਚ ਇੱਕ ਅਤਿ ਆਦਰਯੋਗ ਅਤੇ ਪ੍ਰਕਾਸ਼ਮਾਨ ਨਾਮ ਹੈ ਸੰਤ ਗੋਰਾ ਜੀ ਮਹਾਰਾਜ, ਜਿਨ੍ਹਾਂ ਨੂੰ ਭਗਤ ਗੋਰਾ ਕੁੰਭਾਰ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। 13ਵੀਂ–14ਵੀਂ ਸਦੀ (ਲਗਭਗ 1267–1317 ਈ.) ਦੇ ਇਸ ਪ੍ਰਸਿੱਧ ਸੰਤ ਦਾ ਜਨਮ ਮਹਾਰਾਸ਼ਟਰ ਦੇ ਪਿੰਡ ਤੇਰੜੋਕੀ (ਤੇਰਡੋਕੀ) ਵਿੱਚ ਹੋਇਆ ਮੰਨਿਆ ਜਾਂਦਾ ਹੈ। ਉਹ ਪੇਸ਼ੇ ਵਜੋਂ ਕੁੰਭਾਰ ਸਨ, ਅਰਥਾਤ ਮਿੱਟੀ ਦੇ ਬਰਤਨ ਤਿਆਰ ਕਰਨ ਵਾਲੇ। ਮਹਾਰਾਸ਼ਟਰ ਵਿੱਚ ਕੁੰਭਾਰ ਅਤੇ ਪੰਜਾਬ ਵਿੱਚ ਘੁਮਾਰ ਕਹੇ ਜਾਣ ਵਾਲੀ ਜਾਤ ਇੱਕੋ ਹੀ ਵਿਰਾਸਤ ਨਾਲ ਜੁੜੀ ਮੰਨੀ ਜਾਂਦੀ ਹੈ, ਪਰ ਸੰਤ ਗੋਰਾ ਜੀ ਦੀ ਅਸਲ ਪਛਾਣ ਉਨ੍ਹਾਂ ਦੇ ਪੇਸ਼ੇ ਨਾਲ ਨਹੀਂ, ਸਗੋਂ ਉਨ੍ਹਾਂ ਦੀ ਅਟੱਲ ਅਤੇ ਨਿਸ਼ਕਾਮ ਭਗਤੀ ਨਾਲ ਸੀ। ਉਹ ਭਗਵਾਨ ਵਿਠਲ (ਵਿਠੋਬਾ) ਦੇ ਅਤਿਅੰਤ ਪ੍ਰੇਮੀ ਅਤੇ ਸਮਰਪਿਤ ਭਗਤ ਸਨ। ਉਹ ਸੰਤ ਨਾਮਦੇਵ ਅਤੇ ਸੰਤ ਗਿਆਨਦੇਵ ਦੇ ਸਮਕਾਲੀ ਮੰਨੇ ਜਾਂਦੇ ਹਨ। ਮਹਾਰਾਸ਼ਟਰ ਦੀ ਪਵਿੱਤਰ ਧਰਤੀ ‘ਤੇ ਜਨਮੇ ਇਸ ਸੰਤ ਨੇ ਵਾਰਕਰੀ ਸੰਪਰਦਾਇ ਵਿੱਚ ਵਿਸ਼ੇਸ਼ ਸਥਾਨ ਹਾਸਲ ਕੀਤਾ। ਉਨ੍ਹਾਂ ਦਾ ਜੀਵਨ ਨਿਮਰਤਾ, ਸਾਦਗੀ ਅਤੇ ਮਨੁੱਖਤਾ ਦੀ ਜ਼ਿੰਦਾ ਮੂਰਤ ਸੀ।
ਰੋਜ਼ਾਨਾ ਦੀ ਮਿਹਨਤ, ਮਿੱਟੀ ਨੂੰ ਗੂੰਦਣਾ, ਚੱਕ ‘ਤੇ ਘੁਮਾ ਕੇ ਘੜੇ ਬਣਾਉਣਾ, ਉਨ੍ਹਾਂ ਲਈ ਸਿਰਫ਼ ਰੋਜ਼ੀ-ਰੋਟੀ ਦਾ ਸਾਧਨ ਨਹੀਂ ਸੀ, ਸਗੋਂ ਇੱਕ ਆਤਮਿਕ ਸਾਧਨਾ ਸੀ। ਉਹ ਆਪਣੇ ਹੱਥਾਂ ਨਾਲ ਮਿੱਟੀ ਨੂੰ ਆਕਾਰ ਦੇਂਦੇ ਸਨ ਅਤੇ ਨਾਲ ਹੀ ਆਪਣੇ ਮਨ ਨੂੰ ਭਗਵਾਨ ਦੇ ਨਾਮ ਵਿੱਚ ਰੰਗਦੇ ਰਹਿੰਦੇ ਸਨ। ਉਨ੍ਹਾਂ ਦਾ ਜੀਵਨ ਇਸ ਗੱਲ ਦੀ ਅਨੋਖੀ ਮਿਸਾਲ ਹੈ ਕਿ ਗ੍ਰਿਹਸਥ ਜੀਵਨ ਜੀਉਂਦਿਆਂ ਵੀ ਮਨੁੱਖ ਪ੍ਰਭੂ ਨਾਲ ਅਟੁੱਟ ਜੋੜ ਬਣਾ ਸਕਦਾ ਹੈ।
ਸੰਤ ਗੋਰਾ ਜੀ ਨਾਲ ਜੁੜੀ ਇੱਕ ਪ੍ਰਸਿੱਧ ਕਥਾ ਉਨ੍ਹਾਂ ਦੀ ਭਗਤੀ ਦੀ ਗਹਿਰਾਈ ਨੂੰ ਪ੍ਰਗਟ ਕਰਦੀ ਹੈ। ਕਿਹਾ ਜਾਂਦਾ ਹੈ ਕਿ ਇੱਕ ਵਾਰ ਉਹ ਵਿਠਲ ਨਾਮ ਦੇ ਸਿਮਰਨ ਵਿੱਚ ਇੰਨੇ ਲੀਨ ਹੋ ਗਏ ਕਿ ਮਿੱਟੀ ਗੂੰਦਦੇ ਸਮੇਂ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੀ ਸੂਝ ਨਾ ਰਹੀ। ਲੋਕ-ਕਥਾ ਅਨੁਸਾਰ, ਉਨ੍ਹਾਂ ਦਾ ਨਿੱਕਾ ਬੱਚਾ ਵੀ ਮਿੱਟੀ ਵਿੱਚ ਆ ਗਿਆ, ਪਰ ਭਗਵਾਨ ਦੀ ਅਸੀਮ ਕਿਰਪਾ ਨਾਲ ਉਹ ਸੁਰੱਖਿਅਤ ਰਿਹਾ। ਭਾਵੇਂ ਇਸ ਕਥਾ ਨੂੰ ਆਧਿਆਤਮਿਕ ਪ੍ਰਤੀਕ ਵਜੋਂ ਵੀ ਦੇਖਿਆ ਜਾਂਦਾ ਹੈ, ਪਰ ਇਸ ਦਾ ਮੂਲ ਸੰਦਰਭ ਇਹ ਹੈ ਕਿ ਜਦੋਂ ਭਗਤੀ ਸੱਚੀ ਅਤੇ ਰੂਹਾਨੀ ਹੋਵੇ, ਤਦ ਪ੍ਰਭੂ ਆਪ ਭਗਤ ਦੀ ਲਾਜ ਰੱਖਦੇ ਹਨ।
ਸੰਤ ਗੋਰਾ ਜੀ ਵਾਰਕਰੀ ਭਗਤੀ ਆੰਦੋਲਨ ਦੇ ਪ੍ਰਮੁੱਖ ਸਤੰਭਾਂ ਵਿੱਚੋਂ ਇੱਕ ਸਨ। ਉਨ੍ਹਾਂ ਦੇ ਰਚੇ ਅਟੱਲ ਭਗਤੀ ਦਾ ਗੀਤ ਅੱਜ ਵੀ ਮਹਾਰਾਸ਼ਟਰ ਦੀ ਧਰਤੀ ‘ਤੇ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਗਾਏ ਜਾਂਦੇ ਹਨ।
ਸੰਤ ਗੋਰਾ ਜੀ ਮਹਾਰਾਜ ਦਾ ਜੀਵਨ ਸਾਨੂੰ ਇਹ ਅਮਰ ਸਿੱਖਿਆ ਦਿੰਦਾ ਹੈ ਕਿ ਮਿਹਨਤ ਅਤੇ ਭਗਤੀ ਇਕ-ਦੂਜੇ ਦੇ ਵਿਰੋਧੀ ਨਹੀਂ, ਸਗੋਂ ਇਕ-ਦੂਜੇ ਦੇ ਪੂਰਕ ਹਨ। ਸੱਚੀ ਭਗਤੀ ਹਮੇਸ਼ਾ ਨਿਮਰਤਾ, ਪਵਿੱਤਰਤਾ ਅਤੇ ਸਮਰਪਣ ਨਾਲ ਭਰੀ ਹੁੰਦੀ ਹੈ, ਜਾਤ-ਪਾਤ ਅਤੇ ਅਹੰਕਾਰ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਨਾ ਹੀ ਅਸਲ ਧਰਮ ਹੈ, ਸੰਤ ਗੋਰਾ ਜੀ ਦੀ ਜੀਵਨ-ਗਾਥਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਜਿਵੇਂ ਕੁੰਭਾਰ ਮਿੱਟੀ ਨੂੰ ਸੁੰਦਰ ਆਕਾਰ ਦੇਂਦਾ ਹੈ, ਤਿਵੇਂ ਪ੍ਰਭੂ-ਸਿਮਰਨ ਮਨੁੱਖ ਦੇ ਜੀਵਨ ਨੂੰ ਪਵਿੱਤਰ ਅਤੇ ਅਰਥਪੂਰਨ ਬਣਾ ਦਿੰਦਾ ਹੈ।
ਸੰਤ ਗੋਰਾ ਜੀ ਮਹਾਰਾਜ ਦੀ ਯਾਦ ਅੱਜ ਵੀ ਮਹਾਰਾਸ਼ਟਰ ਦੀ ਪਵਿੱਤਰ ਧਰਤੀ ‘ਤੇ ਜ਼ਿੰਦਾ ਹੈ। ਉਸਮਾਨਾਬਾਦ ਜ਼ਿਲ੍ਹੇ ਦੇ ਪ੍ਰਾਚੀਨ ਪਿੰਡ ਤੇਰ ਵਿੱਚ ਸਥਿਤ ਉਨ੍ਹਾਂ ਦਾ ਮੰਦਰ ਅਤੇ ਸਮਾਧਿ ਸਥਾਨ ਭਗਤੀ, ਨਿਮਰਤਾ ਅਤੇ ਆਤਮਿਕ ਸ਼ਾਂਤੀ ਦਾ ਕੇਂਦਰ ਬਣਿਆ ਹੋਇਆ ਹੈ। ਇੱਥੇ ਪਹੁੰਚ ਕੇ ਭਗਤ ਸਿਰਫ਼ ਦਰਸ਼ਨ ਹੀ ਨਹੀਂ ਕਰਦੇ, ਸਗੋਂ ਉਸ ਮਹਾਨ ਸੰਤ ਦੀ ਸਾਦਗੀ ਅਤੇ ਅਟੱਲ ਵਿਸ਼ਵਾਸ ਨੂੰ ਮਹਿਸੂਸ ਵੀ ਕਰਦੇ ਹਨ। ਇਸੇ ਤਰ੍ਹਾਂ ਪੰਧਰਪੁਰ ਦੀ ਅਮਰ ਭਗਤੀ ਪਰੰਪਰਾ ਵਿੱਚ ਸੰਤ ਗੋਰਾ ਜੀ ਦਾ ਨਾਮ ਅੱਜ ਵੀ ਅਤਿਅੰਤ ਆਦਰ ਅਤੇ ਸ਼ਰਧਾ ਨਾਲ ਉਚਾਰਿਆ ਜਾਂਦਾ ਹੈ। ਜਦੋਂ ਅਸਾੜ੍ਹ ਇਕਾਦਸ਼ੀ ਦੇ ਮੌਕੇ ‘ਤੇ ਲੱਖਾਂ ਵਾਰਕਰੀ ਭਗਤ ਕੀਰਤਨ ਕਰਦੇ ਹੋਏ ਵਿਠੋਬਾ ਦੇ ਦਰ ‘ਤੇ ਹਾਜ਼ਰੀ ਲਗਾਉਂਦੇ ਹਨ, ਤਦੋਂ ਗੋਰਾ ਜੀ ਦੀ ਭਗਤੀ ਅਤੇ ਸਮਰਪਣ ਦੀ ਯਾਦ ਹਵਾ ਵਿੱਚ ਰਚ-ਬਸ ਜਾਂਦੀ ਹੈ। ਉਨ੍ਹਾਂ ਦਾ ਜੀਵਨ ਸੰਦੇਸ਼ ਅੱਜ ਵੀ ਭਗਤੀ ਦੇ ਮਾਰਗ ‘ਤੇ ਚੱਲਣ ਵਾਲਿਆਂ ਲਈ ਪ੍ਰੇਰਣਾ ਦਾ ਪ੍ਰਕਾਸ਼-ਸਤੰਭ ਬਣਿਆ ਹੋਇਆ ਹੈ।
ਸੰਤ ਗੋਰਾ ਜੀ ਮਹਾਰਾਜ ਦਾ 702ਵਾਂ ਪ੍ਰਕਾਸ਼ ਉਤਸਵ ਅੱਜ 1 ਮਾਰਚ 2026 ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਦਰਮਿਆਨ ਪ੍ਰਜਾਪਤ ਸਮਾਜ ਵੱਲੋਂ ਸੰਤ ਗੋਰਾ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ 22ਵਾਂ ਸਾਲਾਨਾ ਹਵਨ ਅਤੇ ਵਿਸ਼ਾਲ ਭੰਡਾਰਾ ਸੁਜਾਨਪੁਰ ਵਿਖੇ ਸਥਿਤ ਸੰਤ ਗੋਰਾ ਭਗਤ ਜੀ ਦੀ ਯਾਦ ਵਿੱਚ ਸੁਸ਼ੋਭਿਤ ਮੰਦਰ ਵਿਖੇ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਨੂੰ ਲੈ ਕੇ ਸਮੂਹ ਇਲਾਕੇ ਵਿੱਚ ਖਾਸ ਰੌਣਕ ਵੇਖੀ ਜਾਵੇਗੀ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 5 ਵਜੇ ਪ੍ਰਭਾਤ ਫੇਰੀ ਨਾਲ ਹੋਵੇਗੀ, ਜਿਸ ਦੌਰਾਨ ਭਗਤ ਜਨ ਗੁਰੂ ਜੀ ਦੇ ਜਾਪ ਅਤੇ ਭਜਨਾਂ ਨਾਲ ਪਵਿੱਤਰ ਮਾਹੌਲ ਸਿਰਜਣਗੇ। ਸਵੇਰੇ 9 ਤੋਂ 10 ਵਜੇ ਤੱਕ ਵਿਧੀਵਤ ਹਵਨ ਕੀਤਾ ਜਾਵੇਗਾ, ਜਿਸ ਵਿੱਚ ਸੰਗਤ ਵੱਲੋਂ ਆਹੁਤੀਆਂ ਪਾਈਆਂ ਜਾਣਗੀਆਂ। ਇਸ ਉਪਰੰਤ 10 ਵਜੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਸਵੇਰੇ 11ਵਜੇ ਤੋਂ 1 ਵੱਜੇ ਤੱਕ ਸੰਤਸਗ ਦਾ ਆਯੋਜਨ ਕੀਤਾ ਜਾਵੇਗਾ, ਜਿਸ ਦੌਰਾਨ ਸੰਤ ਗੋਰਾ ਜੀ ਮਹਾਰਾਜ ਦੀ ਜੀਵਨੀ ਤੇ ਉਨ੍ਹਾਂ ਦੇ ਉੱਚ ਆਦਰਸ਼ਾਂ ’ਤੇ ਰੋਸ਼ਨੀ ਪਾਈ ਜਾਵੇਗੀ। ਉਪਦੇਸ਼ਕ ਸੰਤ ਗੋਰਾ ਜੀ ਦੇ ਮਨੁੱਖਤਾ-ਪ੍ਰੇਮ, ਸੇਵਾ ਭਾਵ ਅਤੇ ਸਮਾਜਿਕ ਏਕਤਾ ਦੇ ਸੰਦੇਸ਼ ਨੂੰ ਸੰਗਤ ਨਾਲ ਸਾਂਝਾ ਕਰਨਗੇ। ਇਸ ਪਵਿੱਤਰ ਅਵਸਰ ‘ਤੇ ਗੁਰੂ ਜੀ ਦਾ ਅਟੁੱਟ ਲੰਗਰ ਵੀ ਵਰਤਾਇਆ ਜਾਵੇਗਾ, ਜਿਸ ਵਿੱਚ ਹਰ ਵਰਗ ਦੇ ਲੋਕ ਸ਼ਾਮਲ ਹੋ ਕੇ ਗੁਰੂ ਕਿਰਪਾ ਪ੍ਰਾਪਤ ਕਰਨਗੇ।
ਪ੍ਰਜਾਪਤ ਬਰਾਦਰੀ ਹਲਕਾ ਸੁਜਾਨਪੁਰ ਦੇ ਪ੍ਰਧਾਨ ਸ੍ਰੀ ਮੋਹਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸ਼ੁਭ ਮੌਕੇ ‘ਤੇ ਧਾਰੀਵਾਲ ਮਾਰਕਿਟ ਕਮੇਟੀ ਦੇ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ, ਨਗਰ ਕੌਂਸਲ ਸੁਜਾਨਪੁਰ ਦੇ ਪ੍ਰਧਾਨ ਅਨੁਰਾਗ ਬਾਲੀ, ਸਮੂਹ ਨਗਰ ਕੌਂਸਲਰਾਂ ਸਮੇਤ ਪ੍ਰਜਾਪਤ ਬਰਾਦਰੀ ਦੇ ਆਗੂਆਂ, ਮੈਂਬਰਾਂ ਤੋਂ ਇਲਾਵਾ ਪੰਜਾਬ ਭਰ ਤੋਂ ਸੰਗਤਾਂ ਹਾਜ਼ਰੀ ਲਗਵਾ ਕੇ ਸੰਤ ਗੋਰਾ ਜੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ।
ਉਨ੍ਹਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਪਵਿੱਤਰ ਦਿਹਾੜੇ ਨੂੰ ਕਾਮਯਾਬ ਬਣਾਇਆ ਜਾਵੇ ਅਤੇ ਸੰਤ ਗੋਰਾ ਜੀ ਦੇ ਦਿਖਾਏ ਸੱਚ ਅਤੇ ਸੇਵਾ ਦੇ ਮਾਰਗ ‘ਤੇ ਚੱਲਣ ਦਾ ਸੰਕਲਪ ਲਿਆ ਜਾਵੇ।
_____________________________ ______
ਪੇਸ਼ਕਸ਼ ਲੇਖਕ ਰਾਜਿੰਦਰ ਸਿੰਘ ਰਾਜਨ ਪਠਾਨਕੋਟ
ਮੋਬਾਇਲ ਫੋਨ ਨੰਬਰ 9417427656
ਈਮੇਲ ਨੰਬਰ rajan_pathankot@yahoo.com
ਪੂਰਾ ਪਤਾ ਉੱਤਮ ਗਾਰਡਨ ਕਲੋਨੀ ਮਨਵਾਲ,
ਪਠਾਨਕੋਟ (ਪੰਜਾਬ)














