ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ

25

ਕੋਟਕਪੂਰਾ, 24 ਫਰਵਰੀ 2026 AJ DI Awaaj

Punjab Desk : ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਲਕਾ ਕੋਟਕਪੂਰਾ ਵਿੱਚ ਲੋੜਵੰਦ ਅਤੇ ਯੋਗ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਪਿੰਡ ਸੰਧਵਾਂ, ਪਿੰਡ ਮਿਸ਼ਰੀਵਾਲਾ, ਪਿੰਡ ਭੈਰੋਂ ਭੱਟੀ ਅਤੇ ਵਾਰਡ ਨੰ. 26 ਕੋਟਕਪੂਰਾ ਵਿਖੇ 1 ਮਾਰਚ 2026 ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦੌਰਾਨ ਯੋਗ ਲਾਭਪਾਤਰੀਆਂ ਦੇ ਸਿਹਤ ਬੀਮਾ ਕਾਰਡ ਤਿਆਰ ਕੀਤੇ ਜਾਣਗੇ, ਤਾਂ ਜੋ ਉਹ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਣ। ਸਪੀਕਰ ਸ. ਸੰਧਵਾਂ ਨੇ ਹਲਕੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਕੈਂਪਾਂ ਵਿੱਚ ਪਹੁੰਚ ਕੇ ਇਸ ਲੋਕ-ਹਿਤੈਸ਼ੀ ਯੋਜਨਾ ਦਾ ਲਾਭ ਲੈਣ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਹਰ ਵਰਗ ਨੂੰ ਉੱਚ-ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ ਅਤੇ ਇਸ ਦਿਸ਼ਾ ਵਿੱਚ ਇਹ ਯੋਜਨਾ ਮੀਲ ਪੱਥਰ ਸਾਬਤ ਹੋ ਰਹੀ ਹੈ।