ਘਰੇਲੂ ਬਗੀਚੀ ਸਿਹਤਮੰਦ ਤੇ ਰਸਾਇਣ-ਰਹਿਤ ਜੀਵਨ ਦੀ ਨੀਂਹ

8

ਸ਼ੇਰਪੁਰ/ ਧੂਰੀ, 20 ਫਰਵਰੀ 2026 AJ DI Awaaj

Punjab Desk :  ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਕਿਸਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਤੇ ਪੋਸ਼ਟਿਕ ਆਹਾਰ ਵੱਲ ਪ੍ਰੇਰਿਤ ਕਰਨ ਲਈ ਪਿੰਡ ਹੇੜੀਕੇ, ਬਲਾਕ ਸ਼ੇਰਪੁਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਕਿਸਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ।

ਕੈਂਪ ਨੂੰ ਸੰਬੋਧਨ ਕਰਦੇ ਹੋਏ ਡਾ. ਅਸ਼ੋਕ ਕੁਮਾਰ ਗਰਗ, ਸੀਨੀਅਰ ਭੂਮੀ ਵਿਗਿਆਨੀ ਨੇ ਕਿਹਾ ਕਿ ਘਰੇਲੂ ਬਗੀਚੀ ਸਿਰਫ਼ ਸਬਜ਼ੀ ਉਗਾਉਣ ਦਾ ਸਾਧਨ ਨਹੀਂ, ਬਲਕਿ ਸਿਹਤਮੰਦ ਅਤੇ ਰਸਾਇਣ-ਰਹਿਤ ਜੀਵਨ ਦੀ ਨੀਂਹ ਹੈ।

ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਦੀ ਬਗੀਚੀ ਵਿੱਚ ਤਾਜ਼ੀ, ਪੋਸ਼ਟਿਕ ਅਤੇ ਕੀਟਨਾਸ਼ਕਾਂ ਦੀ ਘੱਟ ਵਰਤੋਂ ਨਾਲ ਤਿਆਰ ਸਬਜ਼ੀਆਂ ਉਗਾ ਕੇ ਆਪਣੇ ਪਰਿਵਾਰ ਦੀ ਸਿਹਤ ਦੀ ਸੰਭਾਲ ਕਰਨ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਤੁਲਿਤ ਖੁਰਾਕ ਵਿੱਚ ਰੋਜ਼ਾਨਾ ਘੱਟੋ-ਘੱਟ 300 ਗ੍ਰਾਮ ਤਾਜ਼ੀਆਂ ਸਬਜ਼ੀਆਂ ਸ਼ਾਮਲ ਹੋਣੀਆਂ ਬਹੁਤ ਜ਼ਰੂਰੀ ਹਨ, ਕਿਉਂਕਿ ਸਬਜ਼ੀਆਂ ਵਿਟਾਮਿਨ, ਖਣਿਜ ਅਤੇ ਕੁਦਰਤੀ ਰੇਸ਼ੇ ਦਾ ਅਨਮੋਲ ਖਜ਼ਾਨਾ ਹਨ।

ਡਾ. ਗਰਗ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ 6×6 ਵਰਗ ਮੀਟਰ ਦਾ ਘਰੇਲੂ ਬਗੀਚੀ ਮਾਡਲ ਚਾਰ ਮੈਂਬਰਾਂ ਦੇ ਪਰਿਵਾਰ ਲਈ ਸਾਲ ਭਰ ਲੋੜੀਂਦੇ ਪੋਸ਼ਕ ਤੱਤ ਮੁਹੱਈਆ ਕਰਵਾ ਸਕਦਾ ਹੈ।

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵਿਖੇ ਗਰਮੀ ਰੁੱਤ ਦੀ ਸਬਜ਼ੀ ਕਿੱਟ ਕੇਵਲ ₹100 ਪ੍ਰਤੀ ਕਿੱਟ ਉਪਲਬਧ ਹੈ, ਜਿਸ ਵਿੱਚ 12 ਕਿਸਮਾਂ ਦੀਆਂ ਮੌਸਮੀ ਸਬਜ਼ੀਆਂ ਦੇ ਉੱਚ ਗੁਣਵੱਤਾ ਵਾਲੇ ਬੀਜ ਸ਼ਾਮਲ ਹਨ, ਜਿਵੇਂ ਕਿ ਖੀਰਾ, ਘੀਆ ਤੋਰੀ, ਲੋਬੀਆ, ਘੀਆ ਕੱਦੂ, ਕਰੇਲਾ, ਟਿੰਡਾ, ਭਿੰਡੀ ਅਤੇ ਹੋਰ ਲਾਭਦਾਇਕ ਸਬਜ਼ੀਆਂ।

ਮੌਜੂਦਾ ਕਣਕ ਦੀ ਫਸਲ ਬਾਰੇ ਉਨ੍ਹਾਂ ਸਲਾਹ ਦਿੱਤੀ ਕਿ ਵਧ ਰਹੇ ਤਾਪਮਾਨ ਦੇ ਮੱਦੇਨਜ਼ਰ ਵਧੀਆ ਪੈਦਾਵਾਰ ਲਈ 2 ਫ਼ੀਸਦ ਪੋਟਾਸ਼ੀਅਮ ਨਾਈਟ੍ਰੇਟ (13:0:45) ਦੇ ਦੋ ਛਿੜਕਾਅ ਕਰਨੇ ਲਾਭਕਾਰੀ ਸਾਬਤ ਹੋ ਸਕਦੇ ਹਨ—ਪਹਿਲਾ ਗੋਭ ਵਾਲਾ ਪੱਤਾ ਨਿਕਲਣ ਵੇਲੇ ਅਤੇ ਦੂਜਾ ਬੂਰ ਪੈਣ ਸਮੇਂ।

ਡਾ. ਸੁਨੀਲ ਕੁਮਾਰ ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ) ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ (ਸੰਗਰੂਰ) ਨੇ ਕਿਸਾਨਾਂ ਨੂੰ ਝੋਨੇ ਦੀ ਮਸ਼ੀਨੀ ਲੁਆਈ ਅਤੇ ਮੈਟ ਟਾਈਪ ਨਰਸਰੀ ਉਗਾਉਣ ਬਾਰੇ ਜਾਣਕਾਰੀ ਦਿੱਤੀ।

ਕੈਂਪ ਦੌਰਾਨ ਕਿਸਾਨਾਂ ਨੂੰ ਮਿੱਟੀ ਜਾਂਚ ਲਈ ਵਿਗਿਆਨਕ ਢੰਗ ਨਾਲ ਨਮੂਨੇ ਇਕੱਠੇ ਕਰਨ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਬਜ਼ੀ ਕਿੱਟ, ਧਾਤਾਂ ਦਾ ਚੂਰਾ, ਪ੍ਰੀ-ਮਿਕਸ ਅਤੇ ਪਸ਼ੂ ਚਾਟ ਦੀ ਪ੍ਰਦਰਸ਼ਨੀ ਅਤੇ ਵਿਕਰੀ ਵੀ ਕੀਤੀ ਗਈ।

ਕੈਂਪ ਵਿੱਚ ਸ. ਰਵਿੰਦਰ ਸਿੰਘ, ਸ. ਜਸਪਾਲ ਸਿੰਘ ਅਤੇ ਸ. ਹਰਬੰਸ ਸਿੰਘ ਨੇ ਵੀ ਸਰਗਰਮ ਭੂਮਿਕਾ ਨਿਭਾਈ। ਨਾਲ ਹੀ ਮਾਰਚ 2026 ਵਿੱਚ ਪੀ.ਏ.ਯੂ., ਲੁਧਿਆਣਾ ਵੱਲੋਂ ਲਾਏ ਜਾਣ ਵਾਲੇ ਕਿਸਾਨ ਮੇਲਿਆਂ ਬਾਰੇ ਵੀ ਕਿਸਾਨਾਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਗਈ। ਅੰਤ ਵਿੱਚ ਸ. ਰਵਿੰਦਰ ਸਿੰਘ ਦੇ ਕਣਕ ਤੇ ਸਰੋਂ ਦੇ ਖੇਤਾਂ ਦਾ ਦੌਰਾ ਕੀਤਾ ਗਿਆ।