ਬਰਨਾਲਾ ਸਟੇਸ਼ਨ ‘ਤੇ ਰੁਕੀ ਫਾਸਟ ਟ੍ਰੇਨ ਵੰਦੇ ਭਾਰਤ

9
ਬਰਨਾਲਾ, 20 ਫਰਵਰੀ 2026 AJ DI Awaaj
Punjab Desk :  ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਯਤਨਾਂ ਸਕਦਾ ਅੱਜ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਟ੍ਰੇਨ ਦੀ ਬਰਨਾਲਾ ਵਿਖੇ ਠਹਿਰ ਹੋਈ, ਜਿਸ ‘ਤੇ ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਜ਼ਿਲ੍ਹਾ ਬਰਨਾਲਾ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ।
  ਵੰਦੇ ਭਾਰਤ ਟ੍ਰੇਨ ਅੱਜ ਬਰਨਾਲਾ ਰੇਲਵੇ ਸਟੇਸ਼ਨ ‘ਤੇ ਸਵੇਰੇ 9: 59 ‘ਤੇ ਪੁੱਜੀ। ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਉਹ ਇਲਾਕੇ ਦੀ ਬਿਹਤਰੀ ਲਈ ਸੰਸਦ ਵਿੱਚ ਵੀ ਲਗਾਤਾਰ ਇਹ ਮੰਗ ਚੁੱਕਦੇ ਰਹੇ ਹਨ ਅਤੇ ਪਿਛਲੇ ਸਮੇਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰਕੇ ਨਵੀਂ ਦਿੱਲੀ ਤੋਂ ਫਿਰੋਜ਼ਪੁਰ ਕੈਂਟ ਤੱਕ ਚੱਲਣ ਵਾਲੀ ਨਵੀਂ ਵੰਦੇ ਭਾਰਤ ਰੇਲ ਗੱਡੀ ਦਾ ਠਹਿਰਾਅ ਬਰਨਾਲਾ ਵਿਖੇ ਕਰਨ ਦੀ ਮੰਗ ਕੀਤੀ ਗਈ ਸੀ ਤਾਂ ਜੋ ਇਸ ਗੱਡੀ ਦੇ ਠਹਿਰਾਅ ਨਾਲ ਆਸ-ਪਾਸ ਦੇ ਸੈਂਕੜੇ ਪਿੰਡਾਂ ਅਤੇ ਹੋਰ ਕਸਬਿਆਂ ਨੂੰ ਲਾਭ ਮਿਲ ਸਕੇ ਅਤੇ ਉਹ ਕੌਮੀ ਰਾਜਧਾਨੀ ਨਾਲ ਜੁੜ ਸਕਣ।
ਮੀਤ ਹੇਅਰ ਨੇ ਕਿਹਾ ਕਿ ਉਹ ਬਰਨਾਲਾ ਲਈ ਹਾਈ ਸਪੀਡ ਰੇਲ ਸ਼ੁਰੂ ਕਰਨ ਦੀ ਮੰਗ ਰੱਖਦੇ ਰਹੇ ਹਨ। ਬਰਨਾਲਾ ਵਿਖੇ ਪਹਿਲਾਂ ਵੰਦੇ ਭਾਰਤ ਰੇਲ ਦਾ ਸਟਾਪੇਜ ਨਾ ਹੋਣ ਕਾਰਨ ਰੇਲ ਸ਼ੁਰੂ ਹੋਣ ਦੇ ਬਾਵਜੂਦ ਬਰਨਾਲਾ ਵਾਸੀਆਂ ਦੀ ਮੰਗ ਜਿਉਂ ਦੀ ਤਿਉਂ ਬਰਕਰਾਰ ਸੀ। ਉਹਨਾਂ ਦਲੀਲ ਦਿੱਤੀ ਸੀ ਕਿ ਬਰਨਾਲਾ ਸਟੇਸ਼ਨ ਸਿਰਫ ਬਰਨਾਲਾ ਜ਼ਿਲੇ ਨੂੰ ਹੀ ਨਹੀਂ ਸਗੋਂ ਚਾਰ ਗੁਆਂਢੀ ਜ਼ਿਲਿਆਂ ਦੇ ਵਸਨੀਕਾਂ ਲਈ ਵੀ ਰੇਲ ਸਫ਼ਰ ਉਤੇ ਆਉਣ-ਜਾਣ ਲਈ ਇਸਤੇਮਾਲ ਹੁੰਦਾ ਹੈ। ਇਸ ਲਈ ਸਟਾਪੇਜ ਦੀ ਮੰਗ ਬਹੁਤ ਤਰਕਸੰਗਤ ਸੀ ਜੋ ਹੁਣ ਪੂਰੀ ਹੋ ਗਈ।
   ਜਿਕਰਯੋਗ ਹੈ ਕਿ ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਸੀ ਕਿ ਜੇਕਰ ਵੰਦੇ ਭਾਰਤ ਟ੍ਰੇਨ ਦਾ ਸਟਾਪੇਜ ਬਰਨਾਲਾ ਵਿਖੇ ਸ਼ੁਰੂ ਨਹੀਂ ਕੀਤਾ ਜਾਂਦਾ, ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣਗੇ। ਓਨ੍ਹਾਂ ਕਿਹਾ ਕਿ ਉਹ ਸੰਸਦ ਵਿੱਚ ਵੀ ਲਗਾਤਾਰ ਇਹ ਮੰਗ ਚੁੱਕਦੇ ਰਹੇ ਹਨ ਜਿਸ ਦੇ ਪੂਰਾ ਹੋਣ ਉੱਤੇ ਉਹ ਰੇਲ ਮੰਤਰਾਲੇ ਦਾ ਧੰਨਵਾਦ ਕਰਦੇ ਹਨ।