ਹੋਲੇ ਮਹੱਲੇ ਤੋਂ ਪਹਿਲਾਂ ਗੁਰੂ ਨਗਰੀ ਵਿੱਚ ਜੰਗੀ ਪੱਧਰ ਤੇ ਤਿਆਰੀਆਂ

5

ਸ੍ਰੀ ਅਨੰਦਪੁਰ ਸਾਹਿਬ 18 ਫਰਵਰੀ 2026 AJ DI Awaaj

Punjab Desk :   ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ, ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਅਗਵਾਈ ਵਿੱਚ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਕੌਮੀ ਤਿਉਹਾਰ ਨੂੰ ਮੁੱਖ ਰੱਖਦਿਆਂ ਤਿਆਰੀਆਂ ਜੰਗੀ ਪੱਧਰ ‘ਤੇ ਜਾਰੀ ਹਨ। ਇਸ ਸਬੰਧੀ ਸ਼ਹਿਰ ਦੇ ਸਾਰੇ ਵਿਭਾਗ ਆਪਸੀ ਸਹਿਯੋਗ ਨਾਲ ਲਗਾਤਾਰ ਕੰਮ ਕਰ ਰਹੇ ਹਨ ਤਾਂ ਜੋ ਸ਼ਰਧਾਲੂਆਂ ਲਈ ਸਾਫ਼, ਸੁਚੱਜਾ ਅਤੇ ਸੁਰੱਖਿਅਤ ਮਾਹੌਲ ਯਕੀਨੀ ਬਣਾਇਆ ਜਾ ਸਕੇ।
ਇਸ ਮੁਹਿੰਮ ਤਹਿਤ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਕਾਰਜ ਸਾਧਕ ਅਫ਼ਸਰ ਗੁਰਦੀਪ ਸਿੰਘ, ਸੈਨਟਰੀ ਸੁਪਰਡੈਂਟ ਮੁਕੇਸ਼ ਕੁਮਾਰ, ਸੈਨਟਰੀ ਇੰਸਪੈਕਟਰ ਮਦਨ ਲਾਲ, ਇੰਸਪੈਕਟਰ ਮਲਕੀਤ ਸਿੰਘ, ਪ੍ਰੋਗਰਾਮ ਕੋਆਰਡੀਨੇਟਰ ਐਡਵੋਕੇਟ ਮਨਦੀਪ ਸਿੰਘ, ਸਲਿੰਦਰ ਕੁਮਾਰ ਸ਼ਾਂਟੂ, ਲੋਕ ਬੰਦੂਕ ਲਵਲੀ ਕੋਟਲਾ, ਕੈਪਟਨ ਦਲਜੀਤ ਸਿੰਘ ਸਮੇਤ ਸਮੂਹ ਟੀਮ ਵੱਲੋਂ ਸਫਾਈ ਨੂੰ ਮੁੱਖ ਰੱਖਦਿਆਂ ਸਖ਼ਤ ਕਾਰਵਾਈ ਕੀਤੀ ਗਈ। ਗੰਦਗੀ ਫੈਲਾਉਣ ਦੇ ਮਾਮਲੇ ਵਿੱਚ 9 ਚਲਾਨ ਜਾਰੀ ਕੀਤੇ ਗਏ, ਜਦਕਿ ਸਿੰਗਲ ਯੂਜ਼ ਪਲਾਸਟਿਕ, ਥਰਮੋਕੋਲ, ਮੋਮੀ ਲਿਫਾਫਿਆਂ ਅਤੇ ਪਲਾਸਟਿਕ ਦੀ ਵਰਤੋਂ ਕਰਨ ‘ਤੇ 5 ਚਲਾਨ ਕੱਟੇ ਗਏ। ਇਸ ਤਰ੍ਹਾਂ ਕੁੱਲ 4200 ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਨਗਰ ਕੌਂਸਲ ਵੱਲੋਂ ਦੁਕਾਨਦਾਰਾਂ, ਰੇਹੜੀ-ਫੜੀ ਵਾਲਿਆਂ, ਖੋਖਾ ਮਾਲਕਾਂ ਅਤੇ ਗੋਦਾਮਾਂ ਨਾਲ ਸੰਬੰਧਤ ਵਪਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਹੋਲ਼ੇ ਮਹੱਲੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਨਜਾਇਜ਼ ਕਬਜ਼ਾ ਨਾ ਕੀਤਾ ਜਾਵੇ ਅਤੇ ਨਾ ਹੀ ਸਮਾਨ ਦੁਕਾਨਾਂ ਤੋਂ ਬਾਹਰ ਰੱਖਿਆ ਜਾਵੇ। ਉਲੰਘਣਾ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਅਤੇ ਜੁਰਮਾਨੇ ਕੀਤੇ ਜਾਣਗੇ।
ਇਸਦੇ ਨਾਲ ਹੀ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਤਿਉਹਾਰ ਦੌਰਾਨ ਸਫਾਈ ਦਾ ਪੂਰਾ ਧਿਆਨ ਰੱਖਣ, ਗੰਦਗੀ ਨਾ ਫੈਲਾਉਣ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਪਰਹੇਜ਼ ਕਰਨ, ਤਾਂ ਜੋ ਹੋਲ਼ੇ ਮਹੱਲਾ ਸਾਫ਼-ਸੁਥਰੇ ਅਤੇ ਸ਼ਾਂਤਮਈ ਢੰਗ ਨਾਲ ਮਨਾਇਆ ਜਾ ਸਕੇ।