ਸੰਗਰੂਰ, 13 ਫਰਵਰੀ 2025 AJ DI Awaaj
Punjab Desk : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਬਨਿਟ ਮੰਤਰੀ, ਪੰਜਾਬ ਹਰਭਜਨ ਸਿੰਘ ਈਟੀਓ ਬਾਰੇ ਅਪਮਾਨਜਨਕ ਸ਼ਬਦ ਵਰਤਣ ਦੇ ਰੋਸ ਅਤੇ ਪ੍ਰਤਾਪ ਸਿੰਘ ਬਾਜਵਾ ਤੋਂ ਬਿਨਾਂ ਸ਼ਰਤ ਮੁਆਫੀ ਮੰਗਵਾਏ ਜਾਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਤੇ ਆਮ ਲੋਕਾਂ ਵੱਲੋਂ ਸਾਬਕਾ ਕਾਂਗਰਸੀ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਪ੍ਰਦਰਸ਼ਨ ਕੀਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਸ਼ਬਦਾਂ ਨਾਲ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ। ਇਸ ਤੋਂ ਪਹਿਲਾਂ ਵੀ ਇੱਕ ਸਮਾਗਮ ਦੌਰਾਨ ਜਦੋਂ ਸਾਬਕਾ ਮੁੱਖ ਮੰਤਰੀ, ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਵਿੱਚ ਦਲਿਤਾਂ ਨਾਲ ਹੁੰਦੇ ਧੱਕੇ ਦੀ ਗੱਲ ਕਰ ਰਹੇ ਸਨ ਤਾਂ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਾਈਕ ਹੀ ਬੰਦ ਕਰਵਾ ਦਿੱਤਾ ਸੀ।
ਸ੍ਰ ਘਰਾਚੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਪੁਸ਼ਪ ਵੀ ਅਰਪਿਤ ਕਰਦੇ ਹਨ ਪਰ ਦੂਜੇ ਪਾਸੇ ਦਲਿਤਾਂ ਦਾ ਸਨਮਾਨ ਵੀ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਸੰਵਿਧਾਨ ਦਲਿਤ ਭਾਈਚਾਰੇ ਨਾਲ ਸਬੰਧਤ ਡਾ. ਭੀਮ ਰਾਓ ਅੰਬੇਡਕਰ ਨੇ ਹੀ ਲਿਖਿਆ, ਜਿਸ ਸੰਵਿਧਾਨ ਨੇ ਸਭ ਨੂੰ ਬਰਾਬਰਤਾ ਦਾ ਹੱਕ ਦਿੱਤਾ।
ਸਾਡੇ ਗੁਰੂ ਸਾਹਿਬਾਨ ਨੇ ਵੀ ਸਾਰੇ ਮਨੁੱਖਾਂ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਪਰ ਕਾਂਗਰਸ ਪਾਰਟੀ ਦੇ ਆਗੂ ਕੋਈ ਚੰਗਾ ਉਪਦੇਸ਼ ਤੇ ਸਿੱਖਿਆ ਮੰਨਣ ਨੂੰ ਤਿਆਰ ਨਹੀਂ ਹਨ।
ਸ੍ਰ ਘਰਾਚੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਹੀ ਐਨੇ ਜ਼ਿਆਦਾ ਹੋ ਗਏ ਹਨ ਕਿ ਉਹ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਿੱਚ ਹੀ ਰੁੱਝੇ ਹੋਏ ਹਨ ਤੇ ਬਿਨਾਂ ਸੋਚੇ ਸਮਝੇ ਬਿਆਨ ਦਾਗ ਦਿੰਦੇ ਹਨ।
ਇਸ ਮੌਕੇ ਪੰਜਾਬ ਵਕਫ ਬੋਰਡ ਦੇ ਮੈਂਬਰ ਡਾ. ਅਨਵਰ ਭਸੌੜ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਸਮੇਤ ਆਮ ਆਦਮੀ ਪਾਰਟੀ ਦੇ ਵੱਖ ਵੱਖ ਅਹੁਦੇਦਾਰ, ਵਰਕਰ ਅਤੇ ਵੱਡੀ ਗਿਣਤੀ ਆਮ ਲੋਕ ਹਾਜ਼ਰ ਸਨ।












