ਬਟਾਲਾ, 9 ਫਰਵਰੀ 2026 AJ DI Awaaj
Punjab Desk : ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਅਧੀਨ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਕੈਸ਼ਲੈਸ ਬੀਮਾ ਦੇਣ ਲਈ ਲਗਾਏ ਗਏ ਕੈਂਪਾਂ ਵਿੱਚ ਲੋਕ ਹੈਲਥ ਕਾਰਡ ਬਣਾ ਰਹੇ ਹਨ ਤਾਂ ਜੋ ਲੋੜ ਪੈਣ ‘ਤੇ ਉਨ੍ਹਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਨੌਜਵਾਨ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲੋਕਾਂ ਨਾਲ ਕੀਤੀ ਗਰੰਟੀ ਪੂਰੀ ਕਰਦਿਆਂ ‘ਮੁੱਖ ਮੰਤਰੀ ਸਿਹਤ ਯੋਜਨਾ’ ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਨਾਲ ਸੂਬੇ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ।
ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਣੇ ਹੈਲਥ ਕਾਰਡਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਮਰੀਜ਼ ਆਪਂਣੇ ਇਲਾਜ ਸਰਕਾਰੀ ਹਸਪਤਾਲਾਂ ਦੇ ਨਾਲ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਕਰਵਾ ਰਹੇੇ ਹਨ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗੁਰਦਾਸਪੁਰ ਨੰਗਲ ਦੇ ਵਸਨੀਕ ਸੁਲੱਖਣ ਸਿੰਘ ਨੂੰ ਦਿਲ ਦੀ ਬਿਮਾਰੀ ਸੀ। ਉਸ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੈਲਥ ਕਾਰਡ ਬਣਾਇਆ ਗਿਆ ਅਤੇ ਰੰਧਾਵਾ ਹਸਪਤਾਲ ਸ੍ਰੀ ਅੰਮ੍ਰਿਤਸਰ ਤੋਂ ਆਪਣਾ ਇਲਾਜ ਕਰਵਾਇਆ। ਸੁਲੱਖਣ ਸਿੰਘ ਦੇ ਤਿੰਨ ਸਟੰਟ ਪਏ ਅਤੇ ਲੱਖਾਂ ਰੁਪਏ ਦੀ ਰਾਹਤ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਣੇ ਹੈਲਥ ਕਾਰਡ ਨਾਲ ਹੋਈ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਇਸ ਸਿਹਤ ਯੋਜਨਾ ਦੇ ਲਾਗੂ ਹੋਣ ਨਾਲ ਅਮੀਰਾਂ ਦੀ ਪਹੁੰਚ ਵਿੱਚ ਆਉਂਦੇ ਸਭ ਤੋਂ ਮਹਿੰਗੇ ਨਿੱਜੀ ਹਸਪਤਾਲ ਵੀ ਗਰੀਬਾਂ ਲਈ ਖੋਲ੍ਹ ਦਿੱਤੇ ਗਏ ਹਨ, ਜੋ ਲੋਕ ਸੇਵਾ ਵਿੱਚ ਫੈਸਲਾਕੁੰਨ ਬਦਲਾਅ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਸਰਕਾਰ ਨੇ ਪਿੰਡਾਂ ਅਤੇ ਮੁਹੱਲਿਆਂ ਵਿੱਚ ਲਗਭਗ 1,000 ਮੁਹੱਲਾ ਕਲੀਨਿਕ ਬਣਾਏ ਹਨ। ਪਿਛਲੇ 75 ਸਾਲਾਂ ਵਿੱਚ, ਸਾਰੀਆਂ ਸਰਕਾਰਾਂ ਨੇ ਮਿਲ ਕੇ ਸਿਰਫ਼ 400 ਪ੍ਰਾਇਮਰੀ ਹੈਲਥ ਸੈਂਟਰ ਖੋਲ੍ਹੇ ਹਨ, ਅਤੇ ਹੋਰ 500 ਨਿਰਮਾਣ ਅਧੀਨ ਹਨ। ਅਗਲੇ ਚਾਰ ਤੋਂ ਪੰਜ ਮਹੀਨਿਆਂ ਵਿੱਚ 2,500 ‘ਪਿੰਡ ਕਲੀਨਿਕ’ ਖੋਲ੍ਹੇ ਜਾਣਗੇ।
ਉਨ੍ਹਾਂ ਕਿਹਾ ਕਿ ਪਹਿਲਾਂ, ਪੰਜਾਬ ਦੇ ਸਰਕਾਰੀ ਹਸਪਤਾਲਾਂ ਨੂੰ ਡਾਕਟਰਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਚਾਰ ਸਾਲਾਂ ਵਿੱਚ, 1100 ਮਾਹਰ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ ਅਤੇ ਹੁਣ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਕੋਈ ਕਮੀ ਨਹੀਂ ਹੈ। ਕਈ ਵਾਰ ਕੋਈ ਬਿਮਾਰੀ ਇੰਨੀ ਗੰਭੀਰ ਹੋ ਜਾਂਦੀ ਹੈ ਕਿ ਕਿਸੇ ਨੂੰ ਪ੍ਰਾਈਵੇਟ ਹਸਪਤਾਲ ਜਾਣਾ ਪੈਂਦਾ ਹੈ। “ਬਹੁਤ ਸਾਰੇ ਲੋਕ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਦੀ ਚੋਣ ਕਰਦੇ ਹਨ। ਇਸ ਲਈ, ਅੱਜ ਅਜਿਹੀ ਸਿਹਤ ਯੋਜਨਾ ਲਾਗੂ ਕੀਤੀ ਗਈ ਹੈ ਜਿਸ ਦੇ ਤਹਿਤ ਪੰਜਾਬ ਦੇ ਸਭ ਤੋਂ ਵਧੀਆ ਪ੍ਰਾਈਵੇਟ ਹਸਪਤਾਲ, ਜਿੱਥੇ ਸਭ ਤੋਂ ਅਮੀਰ ਲੋਕ ਵੀ ਇਲਾਜ ਲਈ ਜਾਂਦੇ ਹਨ, ਹੁਣ ਸਭ ਤੋਂ ਗਰੀਬ ਕਿਸਾਨ, ਮਜ਼ਦੂਰ ਅਤੇ ਰਿਕਸ਼ਾ ਚਾਲਕ ਲਈ ਵੀ ਇਲਾਜ ਲਈ ਜਾ ਸਕਣਗੇ। ਉਨ੍ਹਾਂ ਨੂੰ ਪੈਸੇ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।”
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ, “ਵੱਡੀਆਂ ਅਤੇ ਛੋਟੀਆਂ ਬਿਮਾਰੀਆਂ ਲਈ 10 ਲੱਖ ਰੁਪਏ ਤੱਕ ਦੀਆਂ ਸਾਰੀਆਂ ਦਵਾਈਆਂ ਅਤੇ ਟੈਸਟ ਮੁਫ਼ਤ ਹੋਣਗੇ। ਜਿਵੇਂ ਹੀ ਮਰੀਜ਼ ਹਸਪਤਾਲ ਵਿੱਚ ਦਾਖਲ ਹੁੰਦਾ ਹੈ, ਸਭ ਕੁਝ ਮੁਫ਼ਤ ਹੋਵੇਗਾ। ਉਨ੍ਹਾਂ ਤੋਂ ਕੁਝ ਨਹੀਂ ਪੁੱਛਿਆ ਜਾਵੇਗਾ, ਸਿਰਫ਼ ਆਪਣਾ ਹੈਲਥ ਕਾਰਡ ਲੈ ਕੇ ਜਾਣਾ ਹੋਵੇਗਾ। ਪੰਜਾਬ ਵਿੱਚ ਲਗਭਗ 65 ਲੱਖ ਪਰਿਵਾਰ ਹਨ, ਜਿਨ੍ਹਾਂ ਵਿੱਚ ਅਮੀਰ ਅਤੇ ਗਰੀਬ, ਹਿੰਦੂ, ਮੁਸਲਮਾਨ, ਸਿੱਖ, ਈਸਾਈ ਅਤੇ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕ ਸ਼ਾਮਲ ਹਨ। ਕਿਸੇ ਨੂੰ ਵੀ ਇਸ ਤੋਂ ਬਾਹਰ ਨਹੀਂ ਰੱਖਿਆ ਗਿਆ।”ਇਸ ਯੋਜਨਾ ਤਹਿਤ 850 ਸਰਕਾਰੀ ਅਤੇ ਨਿੱਜੀ ਹਸਪਤਾਲ ਪਹਿਲਾਂ ਹੀ ਸੂਚੀਬੱਧ ਕੀਤੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਹਸਪਤਾਲ ਸ਼ਾਮਲ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਇਸ ਸਕੀਮ ਵਿੱਚ 2356 ਤੋਂ ਵੱਧ ਇਲਾਜ ਪੈਕੇਜ ਸ਼ਾਮਲ ਕੀਤੇ ਗਏ ਹਨ, ਜਦੋਂ ਕਿ ਪਹਿਲਾਂ ਇਹ ਪੈਕੇਜ ਸਿਰਫ਼ 1600 ਸਨ। ਇਸ ਸਿਹਤ ਯੋਜਨਾ ਅਧੀਨ ਆਰਥੋਪੀਡਿਕਸ, ਜਨਰਲ ਮੈਡੀਸਨ, ਕਾਰਡੀਓਲੋਜੀ, ਨਿਊਰੋਲੋਜੀ, ਨੈਫਰੋਲੋਜੀ, ਯੂਰੋਲੋਜੀ, ਓਨਕੋਲੋਜੀ ਸਮੇਤ ਹੋਰ ਵਿਸ਼ੇਸ਼ ਇਲਾਜ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ।
ਇਸ ਤੋਂ ਇਲਾਵਾ ਦਿਲ ਨਾਲ ਸਬੰਧਤ ਅਤੇ ਕੈਂਸਰ ਦੇ ਇਲਾਜ, ਕਿਡਨੀ ਡਾਇਲਸਿਸ ਅਤੇ ਟ੍ਰਾਂਸਪਲਾਂਟ, ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਸਰਜਰੀਆਂ, ਜਣੇਪਾ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ, ਦੁਰਘਟਨਾ ਅਤੇ ਐਮਰਜੈਂਸੀ, ਗੋਡੇ ਅਤੇ ਚੂਲੇ ਦੀਆਂ ਸਰਜਰੀਆਂ, ਮੋਤੀਆਬਿੰਦ ਸਰਜਰੀ ਅਤੇ ਹੋਰ ਇਲਾਜ ਸੇਵਾਵਾਂ ਵੀ ਇਸ ਯੋਜਨਾ ਵਿੱਚ ਸ਼ਾਮਲ ਹਨ।
ਹਸਪਤਾਲ ਦੇ ਖਰਚਿਆਂ ਦੇ ਨਾਲ-ਨਾਲ ਡਾਇਗਨੌਸਟਿਕ ਸੇਵਾਵਾਂ ਨੂੰ ਵੀ ਇਸ ਸਕੀਮ ਅਧੀਨ ਸ਼ਾਮਲ ਕੀਤਾ ਗਿਆ ਹੈ ਅਤੇ ਕਿਹਾ ਕਿ ਕੋਈ ਵੀ ਨਾਗਰਿਕ ਹੁਣ ਪੰਜਾਬ ਜਾਂ ਚੰਡੀਗੜ੍ਹ ਦੇ ਕਿਸੇ ਵੀ ਸਰਕਾਰੀ ਜਾਂ ਨਿੱਜੀ ਹਸਪਤਾਲ ਵਿੱਚ ਮੁਫ਼ਤ ਇਲਾਜ ਕਰਵਾ ਸਕਦਾ ਹੈ।














