ਰੂਪਨਗਰ ਵੱਲੋਂ ਰਾਸ਼ਟਰੀ ਕੁਸ਼ਟ ਰੋਗ ਦਿਵਸ ਮੌਕੇ ਜਾਗਰੂਕਤਾ ਦਾ ਸੱਦਾ

29
ਰੂਪਨਗਰ, 2 ਫਰਵਰੀ 2026 AJ DI Awaaj
Punjab Desk : ਸਿਹਤ ਵਿਭਾਗ ਰੂਪਨਗਰ ਵੱਲੋਂ ਕੁਸ਼ਟ ਆਸ਼ਰਮ ਰੂਪਨਗਰ ‘ਰਾਸ਼ਟਰੀ ਕੁਸ਼ਟ ਰੋਗ ਦਿਵਸ’ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਰੂਪਨਗਰ ਡਾ. ਨਵਰੂਪ ਕੌਰ ਅਤੇ ਚਮੜੀ ਦੇ ਮਾਹਿਰ ਡਾ. ਅਮਨ ਨੇ ਕੁਸ਼ਟ ਰੋਗ ਪ੍ਰਤੀ ਸਮਾਜ ਵਿੱਚ ਫੈਲੀਆਂ ਗਲਤ ਫਹਿਮੀਆਂ ਨੂੰ ਦੂਰ ਕਰਨ ਅਤੇ ਇਸ ਦੇ ਜਲਦੀ ਇਲਾਜ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ।
ਸਿਵਲ ਸਰਜਨ ਡਾ. ਨਵਰੂਪ ਕੌਰ ਨੇ ਦੱਸਿਆ ਕਿ ਰਾਸ਼ਟਰੀ ਕੁਸ਼ਟ ਰੋਗ ਦਿਵਸ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਉਨ੍ਹਾਂ ਵੱਲੋਂ ਇਸ ਰੋਗੀਆਂ ਪ੍ਰਤੀ ਦਿਖਾਈ ਗਈ ਹਮਦਰਦੀ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੁਸ਼ਟ ਰੋਗ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ਤੇ ਸਹੀ ਸਮੇਂ ‘ਤੇ ਇਲਾਜ ਸ਼ੁਰੂ ਕਰਨ ਨਾਲ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੋ ਸਕਦਾ ਹੈ।
ਡਾ. ਨਵਰੂਪ ਕੌਰ ਨੇ ਕਿਹਾ ਕਿ ਕੁਸ਼ਟ ਰੋਗ ਕੋਈ ਸਰਾਪ ਨਹੀਂ ਹੈ, ਸਗੋਂ ਇਹ ਇੱਕ ਮਾਮੂਲੀ ਬੈਕਟੀਰੀਆ ਕਾਰਨ ਹੁੰਦਾ ਹੈ। ਸਾਨੂੰ ਮਰੀਜ਼ ਨਾਲ ਨਫ਼ਰਤ ਨਹੀਂ ਸਗੋਂ ਉਸ ਨਾਲ ਹਮਦਰਦੀ ਰੱਖਣੀ ਚਾਹੀਦੀ ਹੈ ਤਾਂ ਜੋ ਉਹ ਬਿਨਾਂ ਕਿਸੇ ਡਰ ਦੇ ਆਪਣਾ ਇਲਾਜ ਕਰਵਾ ਸਕੇ।
ਜ਼ਿਲ੍ਹਾ ਹਸਪਤਾਲ ਦੇ ਚਮੜੀ ਮਾਹਿਰ ਡਾ. ਅਮਨ ਨੇ ਰੋਗ ਦੇ ਲੱਛਣਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਇਸ ਦੀ ਜਲਦੀ ਪਛਾਣ ਹੀ ਅਪੰਗਤਾ ਤੋਂ ਬਚਣ ਦਾ ਇੱਕੋ-ਇੱਕ ਰਸਤਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸਰੀਰ ਉੱਤੇ ਕਿਸੇ ਵੀ ਤਰ੍ਹਾਂ ਦਾ ਅਜਿਹਾ ਦਾਗ਼ ਜਾਂ ਧੱਬਾ ਹੋਵੇ ਜਿਸ ਵਿੱਚ ਸੂਈ ਚੁਭਣ ਦਾ ਅਹਿਸਾਸ ਨਾ ਹੋਵੇ ਤਾਂ ਇਹ ਇਸਦਾ ਮੁੱਖ ਲੱਛਣ ਹੈ, ਇਸ ਤਰ੍ਹਾਂ ਹੋਣ ਤੇ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਇਲਾਜ ਵਿੱਚ ਦੇਰੀ ਹੁੰਦੀ ਹੈ ਤਾਂ ਇਹ ਬਿਮਾਰੀ ਹੱਥਾਂ-ਪੈਰਾਂ ਦੀਆਂ ਨਸਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਿਸ ਨਾਲ ਸਰੀਰਕ ਅਪੰਗਤਾ ਆ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮਲਟੀ ਡਰੱਗ ਥੈਰੇਪੀ ਇਸ ਦਾ ਸਭ ਤੋਂ ਕਾਰਗਰ ਇਲਾਜ ਹੈ।
ਇਸ ਮੌਕੇ ਚਮੜੀ ਰੋਗਾਂ ਦੇ ਮਾਹਰ ਡਾ. ਅਮਨ ਅਤੇ ਪਰਮਜੀਤ ਕੌਰ ਵੱਲੋਂ ਕੁਸ਼ਟ ਆਸ਼ਰਮ ਵਿੱਚ ਜਾ ਕੇ ਲੋੜਵੰਦਾਂ ਨੂੰ ਦਵਾਈਆਂ ਅਤੇ ਫਰੂਟ ਦੀ ਵੰਡ ਕੀਤੀ ਗਈ।