ਪਾਕਿਸਤਾਨ ਵੱਲੋਂ 7 ਭਾਰਤੀ ਕੈਦੀ ਰਿਹਾਅ, ਅੱਜ ਅਟਾਰੀ ਬਾਰਡਰ ਰਾਹੀਂ ਵਾਪਸੀ

41

Amritsar 31 Jan 2026 AJ DI Awaaj

National  Desk : ਪਾਕਿਸਤਾਨ ਸਰਕਾਰ ਨੇ ਸੱਤ ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹ ਸਾਰੇ ਕੈਦੀ ਅੱਜ 31 ਜਨਵਰੀ ਨੂੰ ਲਾਹੌਰ ਦੀ ਅਟਾਰੀ–ਵਾਹਗਾ ਸਰਹੱਦ ਰਾਹੀਂ ਭਾਰਤ ਨੂੰ ਸੌਂਪੇ ਜਾਣਗੇ। ਇਹ ਹੁਕਮ ਪੰਜਾਬ (ਪਾਕਿਸਤਾਨ) ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ।

ਦਸਤਾਵੇਜ਼ਾਂ ਮੁਤਾਬਕ ਇਹ ਫੈਸਲਾ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਅਤੇ ਨਾਰਕੋਟਿਕਸ ਕੰਟਰੋਲ ਮੰਤਰਾਲੇ, ਇਸਲਾਮਾਬਾਦ ਦੀ ਸਹਿਮਤੀ ਨਾਲ ਲਿਆ ਗਿਆ ਹੈ। ਭਾਰਤ ਸਰਕਾਰ ਵੱਲੋਂ ਕੈਦੀਆਂ ਦੀ ਨਾਗਰਿਕਤਾ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਸਾਰੇ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ।

ਰਿਹਾਅ ਕੀਤੇ ਜਾ ਰਹੇ ਕੈਦੀਆਂ ਵਿੱਚ ਚੰਦਰ ਸਿੰਘ ਉਰਫ ਛਿੰਦਰ ਸਿੰਘ, ਗੁਰਮੀਤ ਸਿੰਘ ਉਰਫ ਗੁਰਮੇਜ ਸਿੰਘ, ਜੋਗਿੰਦਰ ਸਿੰਘ, ਹਰਵਿੰਦਰ ਸਿੰਘ, ਵਿਸ਼ਾਲ, ਰਤਨ ਪਾਲ ਅਤੇ ਸੁਨੀਲ ਆਦੇ ਉਰਫ ਪ੍ਰਸੰਜੀਤ ਸ਼ਾਮਲ ਹਨ। ਇਹ ਸਾਰੇ ਲਾਹੌਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸਨ।

ਹੁਕਮਾਂ ਅਨੁਸਾਰ ਜੇਲ੍ਹ ਪ੍ਰਸ਼ਾਸਨ ਨੂੰ ਸਾਰੇ ਕਾਨੂੰਨੀ ਅਤੇ ਦਸਤਾਵੇਜ਼ੀ ਪ੍ਰਕਿਰਿਆ ਪੂਰੀ ਕਰਕੇ ਕੈਦੀਆਂ ਨੂੰ ਸਖ਼ਤ ਸੁਰੱਖਿਆ ਹੇਠ ਵਾਹਗਾ ਸਰਹੱਦ ਤੱਕ ਲਿਆਂਦਾ ਜਾਣਾ ਹੈ, ਜਿੱਥੇ ਉਨ੍ਹਾਂ ਨੂੰ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹਵਾਲੇ ਕੀਤਾ ਜਾਵੇਗਾ।

ਇਸ ਕਦਮ ਨੂੰ ਮਨੁੱਖਤਾਵਾਦੀ ਆਧਾਰ ‘ਤੇ ਚੁੱਕਿਆ ਗਿਆ ਫੈਸਲਾ ਮੰਨਿਆ ਜਾ ਰਿਹਾ ਹੈ, ਜਿਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਇੱਕ ਸਕਾਰਾਤਮਕ ਸੰਦੇਸ਼ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ।