ਸਕੂਲਾਂ ਨੂੰ ਬੰਬ ਧਮਕੀ ਮਾਮਲੇ ‘ਤੇ ਚੰਡੀਗੜ੍ਹ SSP ਦਾ ਬਿਆਨ: ਘਬਰਾਉਣ ਦੀ ਲੋੜ ਨਹੀਂ, ਹਾਲਾਤ ਕਾਬੂ ਵਿੱਚ

2

28 ਜਨਵਰੀ, 2026 ਅਜ ਦੀ ਆਵਾਜ਼

Chandigarh Desk: ਚੰਡੀਗੜ੍ਹ ਵਿੱਚ ਬੁੱਧਵਾਰ ਨੂੰ 25 ਤੋਂ ਵੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਕਾਰਨ ਹੜਕੰਪ ਮਚ ਗਿਆ। ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲਿਸ, ਬੰਬ ਸਕਵਾਡ, ਡਾਗ ਸਕਵਾਡ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਸਾਵਧਾਨੀ ਵਜੋਂ ਸਕੂਲਾਂ ਨੂੰ ਖਾਲੀ ਕਰਵਾ ਕੇ ਸਰਚ ਓਪਰੇਸ਼ਨ ਸ਼ੁਰੂ ਕੀਤਾ ਗਿਆ। ਹੁਣ ਤੱਕ ਕਿਸੇ ਵੀ ਸਕੂਲ ਤੋਂ ਕੋਈ ਬੰਬ ਜਾਂ ਸ਼ੱਕੀ ਵਸਤੂ ਨਹੀਂ ਮਿਲੀ ਹੈ।

ਇਸ ਮਾਮਲੇ ‘ਤੇ SSP ਕਨਵਰਦੀਪ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਵੇਰੇ ਕਰੀਬ 8 ਵਜੇ ਪੁਲਿਸ ਕੰਟਰੋਲ ਰੂਮ ਨੂੰ ਸਭ ਤੋਂ ਪਹਿਲਾਂ ਚਾਰ ਸਕੂਲਾਂ ਵੱਲੋਂ ਕਾਲ ਆਈ ਸੀ। ਇਸ ਤੋਂ ਬਾਅਦ ਧਮਕੀ ਵਾਲੇ ਸਕੂਲਾਂ ਦੀ ਗਿਣਤੀ ਵਧਦੀ ਗਈ ਅਤੇ ਦੁਪਹਿਰ 12 ਵਜੇ ਤੱਕ ਕੁੱਲ 26 ਸਕੂਲਾਂ ਨੂੰ ਈਮੇਲ ਰਾਹੀਂ ਧਮਕੀ ਮਿਲਣ ਦੀ ਪੁਸ਼ਟੀ ਹੋਈ।

SSP ਨੇ ਦੱਸਿਆ ਕਿ ਦੁਪਹਿਰ 12 ਵਜੇ ਤੱਕ 10 ਸਕੂਲਾਂ ਵਿੱਚ ਸਰਚ ਓਪਰੇਸ਼ਨ ਪੂਰਾ ਕਰ ਲਿਆ ਗਿਆ ਹੈ ਅਤੇ ਉਹ ਸਾਰੇ ਸਕੂਲ ਸੁਰੱਖਿਅਤ ਪਾਏ ਗਏ ਹਨ। ਬਾਕੀ 16 ਸਕੂਲਾਂ ਵਿੱਚ ਪੁਲਿਸ ਅਤੇ ਬੰਬ ਸਕਵਾਡ ਵੱਲੋਂ ਤਲਾਸ਼ੀ ਜਾਰੀ ਹੈ। ਇਸ ਮਾਮਲੇ ਵਿੱਚ ਸੈਕਟਰ-17 ਥਾਣੇ ਵਿੱਚ FIR ਦਰਜ ਕਰ ਲਈ ਗਈ ਹੈ ਅਤੇ ਧਮਕੀ ਭੇਜਣ ਵਾਲੀ ਈਮੇਲ ID ਦੀ ਜਾਂਚ ਸਾਇਬਰ ਟੀਮ ਕਰ ਰਹੀ ਹੈ।

SSP ਕਨਵਰਦੀਪ ਕੌਰ ਨੇ ਲੋਕਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਪੁਲਿਸ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਹਨ ਅਤੇ ਸਥਿਤੀ ‘ਤੇ ਨਜ਼ਰ ਬਣਾਈ ਹੋਈ ਹੈ। ਜਿਨ੍ਹਾਂ ਸਕੂਲਾਂ ਨੂੰ ਕੋਈ ਧਮਕੀ ਨਹੀਂ ਮਿਲੀ, ਉਹ ਆਮ ਤਰੀਕੇ ਨਾਲ ਚੱਲ ਰਹੇ ਹਨ ਅਤੇ ਪ੍ਰਸ਼ਾਸਨ ਵੱਲੋਂ ਛੁੱਟੀ ਦਾ ਕੋਈ ਹੁਕਮ ਨਹੀਂ ਦਿੱਤਾ ਗਿਆ।

ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਕੂਲਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਸ਼ਾਂਤੀ ਬਣਾਈ ਰੱਖਣ, ਬਿਨਾਂ ਪੁਸ਼ਟੀ ਛੁੱਟੀ ਨਾ ਕਰਨ ਅਤੇ ਕਿਸੇ ਵੀ ਧਮਕੀ ਦੀ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ।