28 ਜਨਵਰੀ, 2026 ਅਜ ਦੀ ਆਵਾਜ਼
National Desk: ਮਹਾਰਾਸ਼ਟਰ ਦੇ ਬਾਰਾਮਤੀ ਇਲਾਕੇ ਨੇੜੇ ਬੁੱਧਵਾਰ ਨੂੰ ਵੱਡਾ ਹਵਾਈ ਹਾਦਸਾ ਵਾਪਰਿਆ ਹੈ, ਜਿੱਥੇ ਐਨਸੀਪੀ ਨੇਤਾ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਨਿੱਜੀ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਮੁਤਾਬਕ, ਜਹਾਜ਼ ਲੈਂਡਿੰਗ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਦੌਰਾਨ ਇਹ ਹਾਦਸਾ ਵਾਪਰਿਆ। ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਜਹਾਜ਼ ਨੇ ਕ੍ਰੈਸ਼ ਲੈਂਡਿੰਗ ਕੀਤੀ ਜਾਂ ਕਿਸੇ ਤਕਨੀਕੀ ਖ਼ਰਾਬੀ ਕਾਰਨ ਇਹ ਦੁਰਘਟਨਾ ਹੋਈ।
ਘਟਨਾ ਸਥਲ ਤੋਂ ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਜਹਾਜ਼ ਨੂੰ ਅੱਗ ਲੱਗੀ ਹੋਈ ਦਿਖਾਇਆ ਗਿਆ ਹੈ ਅਤੇ ਕਾਲਾ ਧੂੰਆ ਉੱਠਦਾ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਕਿਸੇ ਖੇਤ ਵਿੱਚ ਕ੍ਰੈਸ਼ ਹੋਇਆ, ਜਿੱਥੇ ਇਹ ਪੂਰੀ ਤਰ੍ਹਾਂ ਸੜ ਕੇ ਨਸ਼ਟ ਹੋ ਗਿਆ। ਕ੍ਰੈਸ਼ ਸਾਈਟ ’ਤੇ ਜਹਾਜ਼ ਦੇ ਟੁਕੜੇ ਹਰ ਪਾਸੇ ਖਿੱਲਰੇ ਹੋਏ ਦਿਖਾਈ ਦੇ ਰਹੇ ਹਨ।
ਸੂਤਰਾਂ ਅਨੁਸਾਰ, ਡਿਪਟੀ ਸੀਐੱਮ ਅਜੀਤ ਪਵਾਰ ਬਾਰਾਮਤੀ ਵਿੱਚ ਜ਼ਿਲ੍ਹਾ ਪਰਿਸ਼ਦ ਚੋਣ ਪ੍ਰਚਾਰ ਲਈ ਜਾ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ। ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ, ਇਸ ਬਾਰੇ ਹਾਲੇ ਤੱਕ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ। ਐਨਸੀਪੀ ਨੇਤਾ ਮਾਜਿਦ ਮੈਮਨ ਨੇ ਵੀ ਦੱਸਿਆ ਕਿ ਅਜੀਤ ਪਵਾਰ ਨੂੰ ਬਾਰਾਮਤੀ ਪਹੁੰਚਣਾ ਸੀ।
ਮੀਡੀਆ ਟੀਮਾਂ ਮੌਕੇ ’ਤੇ ਮੌਜੂਦ ਹਨ। ਪ੍ਰਾਪਤ ਜਾਣਕਾਰੀ ਮੁਤਾਬਕ, ਜਹਾਜ਼ ਬਾਰਾਮਤੀ ਤੋਂ ਤਕਰੀਬਨ ਤਿੰਨ ਤੋਂ ਚਾਰ ਕਿਲੋਮੀਟਰ ਪਹਿਲਾਂ ਕ੍ਰੈਸ਼ ਹੋਇਆ। ਘਟਨਾ ਸਥਲ ’ਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਇਕੱਠੇ ਹੋ ਗਏ ਹਨ ਅਤੇ ਰੈਸਕਿਊ ਕਾਰਵਾਈਆਂ ਜਾਰੀ ਹਨ। ਸਥਾਨਕ ਪ੍ਰਸ਼ਾਸਨ, ਐਂਬੂਲੈਂਸ ਅਤੇ ਮੈਡੀਕਲ ਟੀਮਾਂ ਨੂੰ ਤੁਰੰਤ ਮੌਕੇ ’ਤੇ ਭੇਜਿਆ ਗਿਆ ਹੈ।














