28 ਜਨਵਰੀ, 2026 ਅਜ ਦੀ ਆਵਾਜ਼
Chandigarh Desk: ਚੰਡੀਗੜ੍ਹ ਅਤੇ ਗੁਰੂਗ੍ਰਾਮ ਵਿੱਚ ਬੁੱਧਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਕਈ ਪ੍ਰਸਿੱਧ ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੇ ਈ-ਮੇਲ ਮਿਲੇ। ਧਮਕੀ ਦੀ ਜਾਣਕਾਰੀ ਮਿਲਦੇ ਹੀ ਪੁਲਿਸ, ਆਪਰੇਸ਼ਨ ਸੈੱਲ, ਐਸਡੀਅਰਐਫ਼ ਅਤੇ ਹੋਰ ਸੁਰੱਖਿਆ ਏਜੰਸੀਆਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ ਅਤੇ ਸਕੂਲਾਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ।
ਜਾਣਕਾਰੀ ਮੁਤਾਬਕ, ਚੰਡੀਗੜ੍ਹ ਵਿੱਚ ਚਾਰ ਵੱਡੇ ਪ੍ਰਾਈਵੇਟ ਸਕੂਲਾਂ ਨੂੰ ਧਮਕੀ ਵਾਲਾ ਈ-ਮੇਲ ਪ੍ਰਾਪਤ ਹੋਇਆ ਹੈ। ਇਨ੍ਹਾਂ ਵਿੱਚ ਸੈਕਟਰ-25 ਸਥਿਤ ਚਿਤਕਾਰਾ ਇੰਟਰਨੈਸ਼ਨਲ ਸਕੂਲ ਅਤੇ ਸੈਕਟਰ-45 ਦਾ ਇੱਕ ਹੋਰ ਨਾਮੀ ਨਿੱਜੀ ਸਕੂਲ ਸ਼ਾਮਲ ਹੈ। ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ ਵਿੱਚ ਬੱਚਿਆਂ ਦੀ ਐਂਟਰੀ ਰੋਕ ਦਿੱਤੀ ਗਈ ਹੈ ਅਤੇ ਸੀਨੀਅਰ ਅਧਿਕਾਰੀ ਮੌਕੇ ’ਤੇ ਮੌਜੂਦ ਹਨ।
ਉਧਰ, ਗੁਰੂਗ੍ਰਾਮ ਵਿੱਚ ਵੀ ਬੁੱਧਵਾਰ ਸਵੇਰੇ ਕਈ ਪ੍ਰਸਿੱਧ ਸਕੂਲਾਂ ਨੂੰ ਇਸ ਤਰ੍ਹਾਂ ਦੇ ਧਮਕੀ ਭਰੇ ਈ-ਮੇਲ ਮਿਲਣ ਨਾਲ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਧਮਕੀ ਪ੍ਰਾਪਤ ਕਰਨ ਵਾਲੇ ਸਕੂਲਾਂ ਵਿੱਚ ਡੀਐਲਐਫ਼ ਫੇਜ਼-1 ਸਥਿਤ ਕੁੰਸਕਪਾਲਨ ਸਕੂਲ, ਸੈਕਟਰ-53 ਦਾ ਲੈਂਸਰਜ਼ ਸਕੂਲ, ਸੈਕਟਰ-64 ਦਾ ਹੇਰਿਟੇਜ ਐਕਸਪੀਰੀਐਂਸ਼ਲ ਲਰਨਿੰਗ ਸਕੂਲ ਅਤੇ ਬਾਦਸ਼ਾਹਪੁਰ ਸਥਿਤ ਪਾਥਵੇਜ਼ ਵਰਲਡ ਸਕੂਲ ਸ਼ਾਮਲ ਹਨ।
ਸੂਚਨਾ ਮਿਲਦੇ ਹੀ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਹੋ ਗਈਆਂ। ਪੁਲਿਸ ਵੱਲੋਂ ਸਾਰੇ ਸਕੂਲ ਪਰਿਸਰਾਂ ਵਿੱਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ, ਐਸਡੀਅਰਐਫ਼ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਤੇ ਸਟਾਫ਼ ਨੂੰ ਬਾਹਰ ਕੱਢ ਲਿਆ ਗਿਆ ਹੈ। ਹਾਲਾਂਕਿ ਹੁਣ ਤੱਕ ਕਿਸੇ ਵੀ ਸਕੂਲ ਤੋਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ, ਪਰ ਪ੍ਰਸ਼ਾਸਨ ਹਾਲਾਤ ’ਤੇ ਲਗਾਤਾਰ ਨਜ਼ਰ ਬਣਾਈ ਹੋਈ ਹੈ।
ਸਕੂਲ ਪ੍ਰਬੰਧਨ ਦੇ ਅਨੁਸਾਰ, ਧਮਕੀ ਵਾਲਾ ਈ-ਮੇਲ ਬੁੱਧਵਾਰ ਸਵੇਰੇ ਮਿਲਿਆ, ਉਸ ਸਮੇਂ ਜਦੋਂ ਬੱਚਿਆਂ ਦੇ ਸਕੂਲ ਪਹੁੰਚਣ ਦਾ ਸਮਾਂ ਹੋ ਚੁੱਕਾ ਸੀ ਅਤੇ ਸਕੂਲ ਬੱਸਾਂ ਵੀ ਪਰਿਸਰ ਤੱਕ ਆਉਣ ਲੱਗੀਆਂ ਸਨ। ਇਸ ਤੋਂ ਬਾਅਦ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ ਅਤੇ ਮਾਪਿਆਂ ਨੂੰ ਸੁਨੇਹੇ ਭੇਜ ਕੇ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਅਪੀਲ ਕੀਤੀ ਗਈ। ਜੋ ਬੱਚੇ ਪਹਿਲਾਂ ਹੀ ਸਕੂਲ ਪਹੁੰਚ ਚੁੱਕੇ ਸਨ, ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਘਰ ਵਾਪਸ ਭੇਜ ਦਿੱਤਾ ਗਿਆ।














