28 ਜਨਵਰੀ, 2026 ਅਜ ਦੀ ਆਵਾਜ਼
Bollywood Desk: ਗਣਤੰਤਰ ਦਿਵਸ ਦੇ ਮੌਕੇ 23 ਜਨਵਰੀ ਨੂੰ ਰਿਲੀਜ਼ ਹੋਈ ਫਿਲਮ ‘ਬਾਰਡਰ 2’ ਨੇ ਬਾਕਸ ਆਫਿਸ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿਰਫ਼ ਚਾਰ ਦਿਨਾਂ ਵਿੱਚ ਲਗਭਗ 200 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਨਿਧੀ ਦੱਤਾ ਦੀ ਮਜ਼ਬੂਤ ਪ੍ਰੋਡਕਸ਼ਨ ਟੀਮ ਵੱਲੋਂ ਬਣਾਈ ਗਈ ਅਤੇ ਅਨੁਰਾਗ ਸਿੰਘ ਦੇ ਨਿਰਦੇਸ਼ਨ ਹੇਠ ਤਿਆਰ ਕੀਤੀ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ।
‘ਬਾਰਡਰ 2’ ਦੀ ਵੱਡੀ ਕਾਮਯਾਬੀ ਦੇ ਦਰਮਿਆਨ ਹੁਣ ਮੈਕਰਜ਼ ਨੇ ‘ਬਾਰਡਰ 3’ ’ਤੇ ਵੀ ਮੋਹਰ ਲਾ ਦਿੱਤੀ ਹੈ। ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭੂਸ਼ਣ ਕੁਮਾਰ ਅਤੇ ਨਿਧੀ ਦੱਤਾ ਇੱਕ ਵਾਰ ਫਿਰ ‘ਬਾਰਡਰ’ ਫ੍ਰੈਂਚਾਈਜ਼ੀ ਦੀ ਤੀਜੀ ਕਿਸਤ ਲਈ ਇਕੱਠੇ ਹੋ ਰਹੇ ਹਨ। ਉਨ੍ਹਾਂ ਲਿਖਿਆ ਕਿ ‘ਬਾਰਡਰ 2’ ਦੀ ਸ਼ਾਨਦਾਰ ਓਪਨਿੰਗ ਅਤੇ ਦਰਸ਼ਕਾਂ ਦੇ ਵਧੀਆ ਰਿਸਪਾਂਸ ਤੋਂ ਬਾਅਦ ਹੁਣ ‘ਬਾਰਡਰ 3’ ਨੂੰ ਅੱਗੇ ਵਧਾਇਆ ਜਾਵੇਗਾ, ਜਿਸ ਬਾਰੇ ਹੋਰ ਜਾਣਕਾਰੀਆਂ ਜਲਦ ਸਾਹਮਣੇ ਆਉਣਗੀਆਂ।
ਇੱਕ ਇੰਟਰਵਿਊ ਦੌਰਾਨ ਭੂਸ਼ਣ ਕੁਮਾਰ ਨੇ ਵੀ ਪੁਸ਼ਟੀ ਕੀਤੀ ਕਿ ‘ਬਾਰਡਰ 3’ ਨੂੰ ਟੀ-ਸੀਰੀਜ਼ ਅਤੇ ਨਿਧੀ ਦੱਤਾ ਦੀ ਜੇਪੀ ਫਿਲਮਜ਼ ਮਿਲ ਕੇ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ‘ਬਾਰਡਰ 2’ ਤੋਂ ਪਹਿਲਾਂ ਉਹ ਅਤੇ ਡਾਇਰੈਕਟਰ ਅਨੁਰਾਗ ਸਿੰਘ ਕਿਸੇ ਹੋਰ ਪ੍ਰੋਜੈਕਟ ’ਤੇ ਕੰਮ ਕਰ ਰਹੇ ਸਨ ਅਤੇ ਹੁਣ ਸਹੀ ਸਮੇਂ ’ਤੇ ‘ਬਾਰਡਰ 3’ ਨੂੰ ਲਿਆਂਦਾ ਜਾਵੇਗਾ।
ਜ਼ਿਕਰਯੋਗ ਹੈ ਕਿ ‘ਬਾਰਡਰ 2’ ਨੇ ਚਾਰ ਦਿਨਾਂ ਵਿੱਚ ਭਾਰਤੀ ਬਾਕਸ ਆਫਿਸ ’ਤੇ 193.48 ਕਰੋੜ ਰੁਪਏ ਦਾ ਨੈੱਟ ਕਲੈਕਸ਼ਨ ਕਰ ਲਿਆ ਹੈ ਅਤੇ ਪੰਜਵੇਂ ਦਿਨ ਇਹ ਫਿਲਮ 200 ਕਰੋੜ ਦਾ ਅੰਕੜਾ ਪਾਰ ਕਰਨ ਦੀ ਪੂਰੀ ਸੰਭਾਵਨਾ ਰੱਖਦੀ ਹੈ। ਇਸ ਕਾਮਯਾਬੀ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਦਰਸ਼ਕ ਇੱਕ ਵਾਰ ਫਿਰ ‘ਬਾਰਡਰ’ ਫ੍ਰੈਂਚਾਈਜ਼ੀ ਨੂੰ ਸਿਨੇਮਾਘਰਾਂ ਵਿੱਚ ਦੇਖਣ ਲਈ ਤਿਆਰ ਹਨ।














