24 ਜਨਵਰੀ, 2026 ਅਜ ਦੀ ਆਵਾਜ਼
Bollywood Desk: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸੁਨਿਧੀ ਚੌਹਾਨ (43) ਨੂੰ ਉਨ੍ਹਾਂ ਦੇ ਆਗਾਮੀ ਗੋਆ ਲਾਈਵ ਕਾਂਸਰਟ (25 ਜਨਵਰੀ) ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਗੋਆ ਚਾਈਲਡ ਰਾਈਟਸ ਕਮਿਸ਼ਨ ਨੇ ਉਹਨਾਂ ਨੂੰ ਹੁਕਮ ਦਿੱਤਾ ਹੈ ਕਿ ਉਹ ‘ਬੀੜੀ ਜਲਈਲੇ’ ਵਰਗੇ ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲੇ ਗਾਣੇ ਇਸ ਕਾਂਸਰਟ ਵਿੱਚ ਨਾ ਗਾਵਣ।
ਇਹ ਸ਼ਿਕਾਇਤ ਚੰਡੀਗੜ੍ਹ ਦੇ ਪ੍ਰੋਫੈਸਰ ਡਾ. ਪੰਡਿਤ ਰਾਓ ਵੱਲੋਂ ਕੀਤੀ ਗਈ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਕਿ ਬੱਚਿਆਂ ਅਤੇ ਆਮ ਦਰਸ਼ਕਾਂ ਉੱਤੇ ਨਕਾਰਾਤਮਕ ਪ੍ਰਭਾਵ ਪਾਉਣ ਵਾਲੇ ਗਾਣੇ ਲਾਈਵ ਕਾਂਸਰਟ ਵਿੱਚ ਨਹੀਂ ਗਾਉਣੇ ਚਾਹੀਦੇ। ਨੋਟਿਸ ਵਿੱਚ ਇਹ ਵੀ ਕਿਹਾ ਗਿਆ ਕਿ ਸਟੇਜ ’ਤੇ ਛੋਟੇ ਬੱਚੇ ਨੂੰ ਲੈ ਜਾਣਾ ਮਨ੍ਹਾਂ ਹੈ।
ਸੁਨਿਧੀ ਚੌਹਾਨ 4-5 ਸਾਲ ਦੀ ਉਮਰ ਤੋਂ ਹੀ ਗਾਇਕੀ ਕਰ ਰਹੀਆਂ ਹਨ। ਉਨ੍ਹਾਂ ਨੇ 13 ਸਾਲ ਦੀ ਉਮਰ ਵਿੱਚ ਫਿਲਮ ‘ਸ਼ਾਸਤਰ’ ਤੋਂ ਬਾਲੀਵੁੱਡ ਵਿੱਚ ਡੇਬਿਊ ਕੀਤਾ। ਉਹਨਾਂ ਨੇ ਹਿੰਦੀ ਦੇ ਨਾਲ-ਨਾਲ ਮਰਾਠੀ, ਤੇਲੁਗੂ, ਕਨੜ ਅਤੇ ਬੰਗਾਲੀ ਭਾਸ਼ਾਵਾਂ ਵਿੱਚ ਵੀ ਗਾਣੇ ਗਾਏ ਹਨ।
ਉਨ੍ਹਾਂ ਦੇ ਪ੍ਰਸਿੱਧ ਗਾਣਿਆਂ ਵਿੱਚ ‘ਬੀੜੀ ਜਲਈਲੇ’, ‘ਸ਼ੀਲਾ ਕੀ ਜਵਾਨੀ’, ‘ਕਮਲੀ’, ‘ਦੇਸੀ ਗਰਲ’, ‘ਏ ਵਤਨ’ ਅਤੇ ‘ਇਸ਼ਕ ਸੂਫ਼ੀਆਨਾ’ ਸ਼ਾਮਿਲ ਹਨ। ਹੁਣ ਤੱਕ ਉਹਨਾਂ ਨੇ ਲਗਭਗ 2000 ਤੋਂ ਵੱਧ ਗਾਣੇ ਗਾਏ ਹਨ ਅਤੇ ਲਾਈਵ ਕਾਂਸਰਟ ਵਿੱਚ ਵੀ ਬਹੁਤ ਮਸ਼ਹੂਰ ਹਨ। ਰਿਪੋਰਟਾਂ ਦੇ ਅਨੁਸਾਰ ਸੁਨਿਧੀ ਚੌਹਾਨ ਇੱਕ ਗਾਣੇ ਲਈ 18-20 ਲੱਖ ਰੁਪਏ ਤੱਕ ਲੈਂਦੀਆਂ ਹਨ।














