21 ਜਨਵਰੀ, 2026 ਅਜ ਦੀ ਆਵਾਜ਼
Health Desk: ਅੱਜਕੱਲ੍ਹ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਇਲਾਜ ਦਾ ਨਾਮ ਸੁਣ ਕੇ ਹੀ ਮਰੀਜ਼ ਡਰ ਜਾਂਦੇ ਹਨ। ਸਰਜਰੀ ਅਤੇ ਕੀਮੋਥੈਰੇਪੀ ਨਾਲ ਜੁੜਿਆ ਦਰਦ ਅਤੇ ਲੰਬਾ ਇਲਾਜ ਲੋਕਾਂ ਨੂੰ ਮਾਨਸਿਕ ਤੌਰ ’ਤੇ ਕਮਜ਼ੋਰ ਕਰ ਦਿੰਦਾ ਹੈ। ਪਰ ਹੁਣ ਦਿੱਲੀ ਦੇ ਇੰਦਰਪ੍ਰਸਥ ਅਪੋਲੋ ਹਸਪਤਾਲ ਵਿੱਚ ਡਾਕਟਰਾਂ ਨੇ ਬ੍ਰੈਸਟ ਕੈਂਸਰ ਦੇ ਇਲਾਜ ਲਈ ਇੱਕ ਨਵੀਂ ਅਤੇ ਆਧੁਨਿਕ ਤਕਨੀਕ ਨਾਲ ਕਮਾਲ ਕਰ ਦਿੱਤਾ ਹੈ, ਜਿਸਨੂੰ ਕ੍ਰਾਇਓਐਬਲੇਸ਼ਨ (Cryoablation) ਕਿਹਾ ਜਾਂਦਾ ਹੈ।
ਇਸ ਤਕਨੀਕ ਵਿੱਚ ਬਿਨਾਂ ਵੱਡੀ ਸਰਜਰੀ ਦੇ ਕੈਂਸਰ ਸੈੱਲਜ਼ ਨੂੰ ਬਹੁਤ ਠੰਢੇ ਤਾਪਮਾਨ ’ਤੇ ਜਮਾ ਕੇ ਖਤਮ ਕੀਤਾ ਜਾਂਦਾ ਹੈ। ਹਾਲ ਹੀ ਵਿੱਚ 77 ਸਾਲ ਦੀ ਇੱਕ ਬਜ਼ੁਰਗ ਮਹਿਲਾ, ਜੋ ਦਿਲ ਦੀ ਗੰਭੀਰ ਬੀਮਾਰੀ ਕਾਰਨ ਸਰਜਰੀ ਲਈ ਯੋਗ ਨਹੀਂ ਸੀ, ਉਸਦਾ ਇਸ ਤਕਨੀਕ ਨਾਲ ਸਫ਼ਲ ਇਲਾਜ ਕੀਤਾ ਗਿਆ। ਟਿਊਮਰ ਦਾ ਆਕਾਰ ਲਗਭਗ 1.5 ਸੈਂਟੀਮੀਟਰ ਸੀ।
ਡਾਕਟਰਾਂ ਨੇ ਰਵਾਇਤੀ ਸਰਜਰੀ ਦੀ ਥਾਂ ਕ੍ਰਾਇਓਐਬਲੇਸ਼ਨ ਤਕਨੀਕ ਅਪਣਾਈ, ਜੋ ਉੱਤਰੀ ਭਾਰਤ ਵਿੱਚ ਬ੍ਰੈਸਟ ਕੈਂਸਰ ਲਈ ਇਸ ਤਰੀਕੇ ਨਾਲ ਕੀਤਾ ਗਿਆ ਪਹਿਲਾ ਸਫ਼ਲ ਇਲਾਜ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਅਲਟਰਾਸਾਊਂਡ ਜਾਂ ਸੀਟੀ ਸਕੈਨ ਦੀ ਮਦਦ ਨਾਲ ਟਿਊਮਰ ਦੀ ਸਹੀ ਥਾਂ ਲੱਭੀ ਜਾਂਦੀ ਹੈ ਅਤੇ ਇੱਕ ਪਤਲੀ ਪ੍ਰੋਬ ਰਾਹੀਂ ਬਹੁਤ ਠੰਢੀ ਗੈਸ ਭੇਜੀ ਜਾਂਦੀ ਹੈ।
ਲਗਭਗ -170 ਡਿਗਰੀ ਸੈਲਸੀਅਸ ਦੀ ਠੰਢ ਨਾਲ ਕੈਂਸਰ ਸੈੱਲਜ਼ ਨਸ਼ਟ ਹੋ ਜਾਂਦੇ ਹਨ ਅਤੇ ਸਰੀਰ ਦੀ ਇਮਿਊਨ ਸਿਸਟਮ ਉਹਨਾਂ ਨੂੰ ਆਪ ਸਾਫ਼ ਕਰ ਦਿੰਦੀ ਹੈ। ਪੂਰੀ ਪ੍ਰਕਿਰਿਆ ਕਰੀਬ 30 ਮਿੰਟ ਵਿੱਚ ਪੂਰੀ ਹੋ ਜਾਂਦੀ ਹੈ ਅਤੇ ਮਰੀਜ਼ ਨੂੰ ਉਸੇ ਦਿਨ ਛੁੱਟੀ ਮਿਲ ਜਾਂਦੀ ਹੈ। ਬਜ਼ੁਰਗ ਅਤੇ ਗੰਭੀਰ ਮਰੀਜ਼ਾਂ ਲਈ ਇਹ ਤਕਨੀਕ ਇੱਕ ਨਵੀਂ ਉਮੀਦ ਬਣ ਕੇ ਸਾਹਮਣੇ ਆਈ ਹੈ।














