ਪੁਰੀ ਜਗੰਨਾਥ ਮੰਦਰ ਨੂੰ ਧਮਕੀ ਮਗਰੋਂ ਹਾਈ ਅਲਰਟ, ਸੁਰੱਖਿਆ ਬਹੁਤ ਸਖ਼ਤ; ਪੁਲਿਸ ਅਤੇ ATS ਦੀਆਂ ਸਪੈਸ਼ਲ ਟੀਮਾਂ ਤਾਇਨਾਤ

2

21 ਜਨਵਰੀ, 2026 ਅਜ ਦੀ ਆਵਾਜ਼

National Desk:  ਓਡੀਸ਼ਾ ਦੇ ਪੁਰੀ ਵਿੱਚ ਸਥਿਤ ਪ੍ਰਸਿੱਧ ਸ਼੍ਰੀ ਜਗੰਨਾਥ ਮੰਦਰ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਆਈ ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਮੋਡ ’ਚ ਹਨ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੰਦਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਦੇ ਨਾਲ-ਨਾਲ ਐਂਟੀ ਟੈਰਰਿਜ਼ਮ ਸਕੁਆਡ (ATS) ਵੀ ਪੂਰੀ ਤਰ੍ਹਾਂ ਸਰਗਰਮ ਹੈ।

ਪੁਰੀ ਦੇ ਐਸਪੀ ਪ੍ਰਤੀਕ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਮੰਦਰ ਨੂੰ ਲੈ ਕੇ ਧਮਕੀ ਭਰਿਆ ਸੁਨੇਹਾ ਆਇਆ ਸੀ। ਜਾਣਕਾਰੀ ਮਿਲਦੇ ਹੀ ਸਾਇਬਰ ਵਿੰਗ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਅਤੇ ਸੰਬੰਧਤ ਪਲੇਟਫਾਰਮ ਨੂੰ ਪੱਤਰ ਭੇਜ ਕੇ ਸੁਨੇਹਾ ਹਟਵਾਇਆ ਗਿਆ। ਇਸ ਤੋਂ ਇਲਾਵਾ ਧਮਕੀ ਦੀ ਜਾਂਚ ਲਈ ਡੀਐਸਪੀ ਸਿਟੀ ਦੀ ਅਗਵਾਈ ਹੇਠ ਇੱਕ ਸਪੈਸ਼ਲ ਟੀਮ ਵੀ ਬਣਾਈ ਗਈ ਹੈ।

ਮੰਦਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬੰਬ ਨਿਰੋਧਕ ਦਸਤੇ ਅਤੇ ATS ਦੀਆਂ ਟੀਮਾਂ ਦਿਨ ਵਿੱਚ ਦੋ ਵਾਰੀ ਪੂਰੇ ਇਲਾਕੇ ਦੀ ਤਲਾਸ਼ੀ ਲੈ ਰਹੀਆਂ ਹਨ। ਮੰਦਰ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ। ਦਰਸ਼ਨ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਪੂਰੀ ਤਲਾਸ਼ੀ ਕੀਤੀ ਜਾ ਰਹੀ ਹੈ।

ਐਸਪੀ ਪ੍ਰਤੀਕ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਹਾਲਾਤ ਪੂਰੀ ਤਰ੍ਹਾਂ ਨਾਰਮਲ ਹਨ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਸੁਰੱਖਿਆ ਬਲ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ।